ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਅਕਤੂਬਰ
ਤਰਕਸ਼ੀਲ ਆਗੂ ਸੁਮੀਤ ਸਿੰਘ ਦੇ ਮਾਤਾ ਅਮਰਜੀਤ ਕੌਰ ਦੀ ਪਹਿਲੀ ਬਰਸੀ ਨੂੰ ਸਮਰਪਿਤ ਸੈਮੀਨਾਰ ‘ਲੋਕਪੱਖੀ ਸਮਾਜਿਕ ਤਬਦੀਲੀ ਅਤੇ ਵਿਗਿਆਨਕ ਚੇਤਨਾ ਦੀ ਅਹਿਮੀਅਤ’ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਅਤੇ ਮਾਝਾ ਜ਼ੋਨ ਦੇ ਸਹਿਯੋਗ ਨਾਲ ਪੰਜਾਬ ਨਾਟ ਸ਼ਾਲਾ ਵਿੱਚ ਕਰਵਾਇਆ ਗਿਆ। ਇਸ ਵਿਚ ਲੇਖਕ ਅਤੇ ਮਨੋਵਿਗਿਆਨੀ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਮੌਜੂਦਾ ਹਕੂਮਤਾਂ ਵੱਲੋਂ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਉਤੇ ਸਖਤ ਪਾਬੰਦੀਆਂ ਲਾ ਕੇ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ ) ਅਤੇ ਧਾਰਾ 19 ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ਼ ਸਮੂਹ ਲੋਕਪੱਖੀ ਜਨਤਕ ਜਥੇਬੰਦੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ । ਡਾ. ਪਰਮਿੰਦਰ ਸਿੰਘ ਨੇ ਅਜਿਹੇ ਲੋਕਪੱਖੀ ਸਮਾਗਮਾਂ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਡਾਰਵਿਨ ਦੇ ਕੁਦਰਤੀ ਵਿਕਾਸ ਦੇ ਨਿਯਮਾਂ ਅਨੁਸਾਰ ਮਨੁੱਖ ਨੇ ਆਦਿ ਕਾਲ ਤੋਂ ਮੌਜੂਦਾ ਵਿਗਿਆਨ ਦੇ ਯੁੱਗ ਤਕ ਲਗਾਤਾਰ ਭੌਤਿਕ ਅਤੇ ਬੌਧਿਕ ਵਿਕਾਸ ਕੀਤਾ ਹੈ। ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਅਤੇ ਮੁਲਾਜ਼ਮ ਆਗੂ ਸੁਖਮਿੰਦਰ ਰੰਧਾਵਾ ਨੇ ਕਿਹਾ ਕਿ ਆਪਣਿਆਂ ਦੀ ਯਾਦ ਵਿਚ ਅਜਿਹੇ ਚੇਤਨਾ ਸੈਮੀਨਾਰ ਕਰਵਾਉਣੇ ਹੀ ਲੋਕਪੱਖੀ ਸਮਾਜਿਕ ਤਬਦੀਲੀ ਦਾ ਸਬੂਤ ਹੈ। ਇਸ ਮੌਕੇ ਕਾ. ਬਲਵਿੰਦਰ ਦੁਧਾਲਾ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਬਚਨ ਸਿੰਘ ਅਤੇ ਫਿਲਮ ਅਤੇ ਰੰਗਮੰਚ ਅਦਾਕਾਰ ਜਸਵੰਤ ਜੱਸ ਨੇ ਮਾਤਾ ਅਮਰਜੀਤ ਨੂੰ ਯਾਦ ਕੀਤਾ। ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।