ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਮਾਰਚ
ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ ਸ਼ਾਇਰ ਭਜਨ ਸਿੰਘ ਵਿਰਕ ਦਾ ਗ਼ਜ਼ਲ ਸੰਗ੍ਰਹਿ ‘ਅੱਖਰ ਅੱਖਰ ਸੂਰਜ’ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੋਕ ਅਰਪਣ ਕੀਤਾ ਗਿਆ। ਉਸਤਾਦ ਸ਼ਾਇਰ ਜਨਾਬ ਸੁਲੱਖਣ ਸਰਹੱਦੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਪ੍ਰੋ. ਸੰਧੂ ਵਰਿਆਣਵੀ ਸੀਨੀ.ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਉਸਤਾਦ ਸ਼ਾਇਰ ਗੁਰਦੀਪ ਭਾਟੀਆ, ਮੰਚ ਦੀ ਪ੍ਰਧਾਨ ਡਾ. ਕੰਵਲ ਭੱਲਾ ਤੇ ਭਜਨ ਸਿੰਘ ਵਿਰਕ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕਿ ਮੰਚ ਦੇ ਸੰਸਥਾਪਕ ਪ੍ਰਧਾਨ ਮਰਹੂਮ ਸ਼ਾਇਰ ਰਾਜਿੰਦਰ ਪਰਦੇਸੀ ਦੀ ਯਾਦ ਵਿੱਚ ਇਹ ਪੰਜਵਾਂ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋ. ਸੰਧੂ ਵਰਿਆਣਵੀ, ਕੁਲਦੀਪ ਸਿੰਘ ਚੰਦੀ ਤੇ ਡਾ. ਜਗੀਰ ਸਿੰਘ ਨੂਰ ਨੇ ਕਿਹਾ ਕਿ ਭਜਨ ਸਿੰਘ ਵਿਰਕ ਦੀ ਸ਼ਾਇਰੀ ਦਰੜੇ ਜਾ ਰਹੇ ਲੋਕਾਂ ਦੇ ਹੱਕਾਂ ਦੀ ਬਾਤ ਪਾਉਂਦੀ ਹੈ। ਡਾ. ਲਖਵਿੰਦਰ ਜੌਹਲ, ਸੁਲੱਖਣ ਸਰਹੱਦੀ ਤੇ ਜਗਦੀਸ਼ ਰਾਣਾ ਨੇ ਕਿਹਾ ਕਿ ਭਜਨ ਸਿੰਘ ਵਿਰਕ ਦੀਆਂ ਗ਼ਜ਼ਲਾਂ ਦਾ ਅੱਖਰ ਅੱਖਰ ਸੂਰਜ ਬਣ ਕੇ ਰੌਸ਼ਨੀ ਕਰਦਾ ਪ੍ਰਤੀਤ ਹੁੰਦਾ ਹੈ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪ੍ਰਧਾਨਗੀ ਮੰਡਲ ਦੇ ਨਾਲ਼ ਨਾਲ਼ ਗ਼ਜ਼ਲ ਦੇ ਉਸਤਾਦ ਸ਼ਾਇਰ ਜਨਾਬ ਸਰਬਜੀਤ ਸਿੰਘ ਸੰਧੂ ਸੰਪਾਦਕ ਸੰਭਾਵਨਾ, ਪੰਜਾਬੀ ਤੇ ਉਰਦੂ ਦੇ ਸ਼ਾਇਰ ਗੁਰਦੀਪ ਔਲਖ, ਰੂਪ ਦਬੁਰਜੀ, ਸੁਰਜੀਤ ਸਾਜਨ, ਜਸਪਾਲ ਜ਼ੀਰਵੀ, ਰੂਪ ਲਾਲ ਰੂਪ ਪ੍ਰਧਾਨ ਸਾਹਿਤ ਸਭਾ ਦੋਆਬਾ ਆਦਮਪੁਰ, ਜੋਗਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਸੈਣੀ , ਕੁਲਬੀਰ ਕੰਵਲ , ਨੱਕਾਸ਼ ਚਿੱਤੇਵਾਣੀ , ਰਵਿੰਦਰ ਸਿੰਘ ਚੋਟ , ਮੁਖਵਿੰਦਰ ਸੰਧੂ, ਨਰਿੰਦਰਪਾਲ ਕੰਗ, ਪ੍ਰਮੋਦ ਕਾਫ਼ਿਰ, ਸ਼ਾਮ ਸਰਗੁੰਦੀ ਪ੍ਰਧਾਨ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ,ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ।