ਪੱਤਰ ਪ੍ਰੇਰਕ
ਮਾਨਸਾ, 3 ਅਕਤੂਬਰ
ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਨੇ ਮਾਨਸਾ ਜ਼ਿਲ੍ਹੇ ਨੂੰ ਜਲ ਜੀਵਨ ਐਵਾਰਡ 2022 ਨਾਲ ਸਨਮਾਨਿਤ ਕੀਤਾ ਹੈ। ਜ਼ਿਲ੍ਹਾ ਮਾਨਸਾ ਵੱਲੋਂ ਇਹ ਐਵਾਰਡ ਅਤੇ ਸਨਮਾਨ ਪੱਤਰ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਨੇ ਵਿਗਿਆਨ ਭਵਨ, ਦਿੱਲੀ ਪਹੁੰਚ ਕੇ ਪ੍ਰਾਪਤ ਕੀਤਾ। ਇਹ ਐਵਾਰਡ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਵੱਲੋਂ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰ ਦੇ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਵਿੰਨੀ ਮਹਾਜਨ ਵੀ ਮੌਜੂਦ ਸਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਵਿਚ ਸਵੱਛ ਅਤੇ ਸਾਫ ਪੀਣਯੋਗ ਪਾਣੀ ਪੂਰੀ ਮਾਤਰਾ ਵਿਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਤਹਿਤ ਵੱਧ ਤੋਂ ਵੱਧ ਘਰਾਂ ਤੱਕ ਟੂਟੀਆਂ ਰਾਹੀਂ ਸਾਫ ਪਾਣੀ ਪਹੁੰਚਾਉਣ ਵਾਲੇ ਜ਼ਿਲ੍ਹਿਆਂ ਨੂੰ ਜਲ ਜੀਵਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਜ਼ਿਲ੍ਹਾ ਮਾਨਸਾ ਨੂੰ ਇਹ ਐਵਾਰਡ ਮਿਲਣ ’ਤੇ ਖੁਸ਼ੀ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਪਾਣੀ ਦੀ ਸੰਭਾਲ ਨੂੰ ਆਪਣਾ ਫਰਜ਼ ਸਮਝਦੇ ਹੋਏ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ।