ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਾਰਚ
ਸੋਹਣੇ ਸ਼ਹਿਰ ਚੰਡੀਗੜ੍ਹ ਦੀ ਖੂਬਸੂਰਤੀ ਵਿੱਚ ਮੁੱਖ ਯੋਗਦਾਨ ਪਾਉਣ ਵਾਲੇ ਚੌਕਾਂ ਦੀ ਖੂਬਸੂਰਤੀ ਲਈ ਚੰਡੀਗੜ੍ਹ ਨਗਰ ਨਿਗਮ ਸਰਗਰਮ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਚੌਕਾਂ ਦੀ ਮਾੜੀ ਹਾਲਤ ਨੂੰ ਵੇਖਦਿਆਂ ਸੈਕਟਰ-32-33/45-46 ਵਾਲੇ ਚੌਕ ਦੀ ਦੇਖ-ਭਾਲ ਲਈ ਸਮਝੌਤਾ ਕੀਤਾ ਹੋਇਆ ਸੀ ਪਰ ਸਹੀ ਦੇਖਭਾਲ ਨਾ ਕਰਨ ’ਤੇ ਸਮਝੌਤਾ ਰੱਦ ਕਰ ਦਿੱਤਾ ਹੈ। ਇਹ ਆਦੇਸ਼ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅੰਨਿਦਿਤਾ ਮਿੱਤਰਾ ਨੇ ਜਾਰੀ ਕੀਤੇ ਹਨ। ਇਸ ਚੌਕ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਸੈਕਟਰ-37 ’ਚ ਸਥਿਤ ਮੈਸ. ਫੀਨਵੈਸਟ ਇੰਟਰਪ੍ਰਾਈਜਿਜ਼ ਨੂੰ ਦਿੱਤੀ ਸੀ। ਉਨ੍ਹਾਂ ਨੇ ਸ਼ਹਿਰ ਦੇ ਹੋਰਨਾਂ ਚੌਕਾਂ ਦੀ ਮੌਜੂਦਾ ਹਾਲਤ ਦੀ ਰਿਪੋਰਟ ਨਿਗਮ ਦੇ ਬਾਗਬਾਨੀ ਵਿਭਾਗ ਤੋਂ ਮੰਗ ਲਈ ਹੈ। ਸ਼ਹਿਰ ਵਿੱਚ 30 ਵੱਡੇ ਚੌਰ ਹਨ। ਜਿਨ੍ਹਾਂ ਦੀ ਖੂਬਸੂਰਤੀ ਲਈ ਵੱਖ-ਵੱਖ ਕੰਪਨੀਆਂ ਨਾਲ ਸਮਝੌਤਾ ਕਰਕੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।