ਕਾਠਮੰਡੂ, 12 ਜੁਲਾਈ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਪਤਨੀ ਸੀਤਾ ਦਾਹਲ ਦਾ ਅੱਜ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸਨ। ਪ੍ਰਧਾਨ ਮੰਤਰੀ ਦੇ ਪ੍ਰੈੱਸ ਕੋਆਰਡੀਨੇਟਰ ਸੂਰਿਆ ਕਿਰਨ ਸ਼ਰਮਾ ਮੁਤਾਬਕ 69 ਸਾਲਾ ਸੀਤਾ ਦਾ ਕਾਠਮੰਡੂ ਦੇ ਨੌਰਵਿਕ ਇੰਟਰਨੈਸ਼ਨਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਸਵੇਰੇ 8.33 ਵਜੇ ਆਖ਼ਰੀ ਸਾਹ ਲਿਆ। ਸੀਤਾ ਨੂੰ ਦਿਮਾਗ ਦੀ ਬਿਮਾਰੀ ਦੇ ਨਾਲ ਨਾਲ, ਪਾਰਕਿਨਸਨ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚੰਡ ਦੀ ਪਤਨੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ