ਪੱਤਰ ਪ੍ਰੇਰਕ
ਜਗਰਾਉਂ, 6 ਅਕਤੂਬਰ
ਇੱਕ ਵਪਾਰੀ ’ਤੇ ਬਲੈਕਲਿਸਟ ਬੱਸ ਦੀ ਚੈਸੀ ਦੇ ਨੰਬਰ ਨਾਲ ਛੇੜਛਾੜ ਕਰ ਕੇ ਅੱਗੇ ਵੇਚਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਹਠੂਰ ਦੇ ਏਐੱਸਆਈ ਰਸ਼ਪਾਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿੰਡ ਜੱਟਪੁਰਾ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦਿੱਤੀ ਕਿ ਸੰਜੀਵ ਕੁਮਾਰ ਵਾਸੀ ਕਰਨਾਲ ਨੇ ਉਸ ਦੇ ਪਿਤਾ ਅਵਤਾਰ ਸਿੰਘ ਨੂੰ ਇੱਕ ਬੱਸ ਵੇਚੀ ਪਰ ਬੱਸ ਦੀ ਕਾਪੀ ਅਵਤਾਰ ਸਿੰਘ ਦੇ ਨਾਮ ਤਬਦੀਲ ਨਾਂ ਕਰਵਾਈ। ਉਨ੍ਹਾਂ ਕਿਹਾ ਕਿ ਗੱਡੀ ਦਾ ਚੈਸੀ ਅਤੇ ਇੰਜਣ ਨੰਬਰ ਚੈੱਕ ਕਰਵਾਉਣ ’ਤੇ ਪਤਾ ਲੱਗਾ ਕਿ ਸੰਜੀਵ ਕੁਮਾਰ ਨੇ ਵੇਚੀ ਗੱਡੀ ਦੀ ਥਾਂ ਹੋਰ ਗੱਡੀ ਦੀ ਚੈਸੀ ਨੰਬਰ ਨਾਲ ਛੇੜਛਾੜ ਕਰਵਾ ਕੇ ਲਗਵਾਈ ਹੈ। ਡੀਐੱਸਪੀ (ਡੀ) ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਕਿ ਸੰਜੀਵ ਕੁਮਾਰ ਨੂੰ ਪਤਾ ਸੀ ਕਿ ਗੱਡੀ ਦਾ ਚੈਸੀ ਅਤੇ ਇੰਜਣ ਨੰਬਰ ਟੈਂਪਰ ਅਤੇ ਬਲੈਕਲਿਸਟ ਹੈ।