ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 6 ਅਕਤੂਬਰ
ਪਿੰਡ ਛਪਾਰ ਦੀ ਮਹਿਲਾ ਕਿਸਾਨ ਆਗੂ ਸਣੇ ਸੰਯੁਕਤ ਕਿਸਾਨ ਮੋਰਚੇ ’ਚ ਲੰਮੇ ਸਮੇਂ ਤੋਂ ਸੰਘਰਸ਼ਮਈ ਦੋ ਕਾਰਕੁਨਾਂ ਤੋਂ ਸੱਖਣਾ ਹੋ ਗਿਆ ਹੈ। ਵੱਖ-ਵੱਖ ਦਿਨਾਂ ’ਤੇ ਹਲਾਕ ਹੋਣ ਵਾਲੇ ਦੋਵਾਂ ਆਗੂਆਂ ਦਾ ਪਿੰਡ ਦੇ ਸ਼ਮਸ਼ਾਨ ਘਾਟਾਂ ਵਿਚ ਅੱਜ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਸਿਆਸੀ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੇ ਵੱਡੀ ਗਿਣਤੀ ਕਾਰਕੁਨਾਂ ਤੇ ਆਗੂਆਂ ਨੇ ਸ਼ਰਧਾਂਜਲੀ ਦਿੱਤੀ।
ਮ੍ਰਿਤਕਾਂ ਦੀ ਪਛਾਣ ਟੈਕਨੀਕਲ ਸਰਵਿਸਜ਼ ਯੂਨੀਅਨ (ਟੀਐਸਯੂ) ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਆਗੂ ਕੁਲਦੀਪ ਸਿੰਘ ਅਤੇ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਵਿਚ ਭਾਸ਼ਣਾਂ ਤੇ ਜੋਸ਼ੀਲੀਆਂ ਕਵਿਤਾਵਾਂ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਵਾਲੀ ਗੁਰਵਿੰਦਰ ਕੌਰ ਬੋਪਾਰਾਏ ਵਜੋਂ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸ਼ੇਰ ਸਿੰਘ ਮਹੋਲੀ ਤੇ ਟੀਐਸਯੂ ਦੇ ਸੁਖਚਰਨ ਜੀਤ ਨੇ ਦੱਸਿਆ ਕਿ ਕੁਲਦੀਪ ਸਿੰਘ 29 ਸਤੰਬਰ ਨੂੰ ਲਹਿਰਾ ਟੌਲ ਪਲਾਜ਼ਾ ’ਤੇ ਚੱਲ ਰਹੇ ਧਰਨੇ ਦੌਰਾਨ ਸੜਕ ਹਾਦਸੇ ’ਚ ਜਖ਼ਮੀ ਹੋ ਗਏ ਸਨ ਬੀਤੀ ਰਾਤ ਉਨ੍ਹਾਂ ਨੇ ਦਮ ਤੋੜ ਦਿੱਤਾ। ਕਾਂਗਰਸੀ ਆਗੂ ਰਵਿੰਦਰ ਸਿੰਘ ਰੋਮੀ ਦੀ ਪਤਨੀ ਗੁਰਵਿੰਦਰ ਕੌਰ ਬੋਪਾਰਾਏ ਦੀ ਦੋ ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਹੋ ਗਈ ਸੀ।