ਜਗਦੇਵ ਸ਼ਰਮਾ ਬੁਗਰਾ
ਕਿਆਸ ਕਰੋ ਜ਼ਰਾ, ਕੰਧਾਂ ਵਿੱਚ ਖੜ੍ਹੇ ਬਾਲ,
ਕਲੇਜਾ ਪਾਟ ਕੇ ਤੇ ਮੂੰਹ ਨੂੰ ਆਂਵਦਾ ਈ।
ਖੇਡਣ ਦੀ ਉਮਰੇ ਸਹੀਦੀਆਂ ਪਾਉਣ ਤੁਰ ਪਏ,
ਤਾਹੀਓਂ ਜੱਗ ਅੱਜ ਵਾਰਾਂ ਗਾਂਵਦਾ ਈ।
ਵਿੱਚ ਰਜਾਈਆਂ ਵੜ, ਠੁਰ ਠੁਰ ਕਰੇ ਦੁਨੀਆਂ,
ਠੰਢੜਾ ਬੁਰਜ ਨਾ ਸਿਦਕ ਡੁਲਾਂਵਦਾ ਈ।
ਬਾਤਾਂ ਪਾਏ ਦਾਦੀ, ਹੁੰਗਾਰਾ ਭਰਨ ਪੋਤੇ,
ਖ਼ੂਨ ਖੌਲਦਾ ਤੇ ਉਬਾਲੇ ਖਾਂਵਦਾ ਈ।
ਸਰਬੰਸਦਾਨੀ ਦਾ ਦੇਣਾ ਨਹੀਂ ਦੇ ਸਕਦੇ,
ਤਿੰਨ ਤਿੰਨ ਪੀੜ੍ਹੀਆਂ, ਕੌਣ ਖਪਾਂਵਦਾ ਈ।
ਆਪੇ ਬਣ ਚੇਲਾ ਤੇ ਆਪੇ ਹੀ ਗੁਰੂ ਬਣ ਜਾਏ,
ਏਸ ਮੁੱਲ ਕਦ, ਹੀਰਾ, ਥਿਆਂਵਦਾ ਈ।
ਜੋੜ ਮੇਲ ਏਦਾਂ ਹੀ ਰਹਿਣ ਭਰਦੇ,
ਸ਼ਰਮਾ ਗੀਤ ਗੋਬਿੰਦ ਦੇ ਗਾਂਵਦਾ ਈ।
ਸੰਪਰਕ: 98727-87243
ਤੁਰੇ ਮੰਜ਼ਿਲਾਂ ਨੂੰ ਜਾਂਦੇ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਇਕ ਲੰਮੀਆਂ ਨੇ ਵਾਟਾਂ, ਉੱਤੋਂ ਪੋਹ ਦੀਆਂ ਰਾਤਾਂ,
ਦਾਦੀ ਜਾਂਦੀ ਏ ਸੁਣਾਉਂਦੀ, ਸਿੱਖੀ ਸਿਦਕ ਦੀਆਂ ਬਾਤਾਂ,
ਸੁਣ ਦਾਦੀ ਦੀਆਂ ਗੱਲਾਂ ਜਾਣ ਕਦਮ ਵਧਾਉਂਦੇ…
ਜ਼ੋਰਾਵਰ ਫ਼ਤਹਿ ਸਿੰਘ ਤੁਰੇ ਮੰਜ਼ਿਲਾਂ ਨੂੰ ਜਾਂਦੇ।
ਜਿਹੜੇ ਡਰ ਜਾਣ ਯੋਧੇ ਹੁੰਦੇ ਉਮਰਾਂ ਦੇ ਮਿਹਣੇ,
ਛੋਟੀ ਉਮਰੇ ਸਿੱਖੀ ਦੇ ਪੈਣ ਪਰਚੇ ਵੀ ਦੇਣੇ,
ਘੁੱਟ ਦਾਦੀ ਮਾਂ ਦੇ ਹੱਥ ਨੂੰ ਯਕੀਨ ਨੇ ਦਿਵਾਉਂਦੇ…
ਜ਼ੋਰਾਵਰ ਫ਼ਤਹਿ ਸਿੰਘ ਤੁਰੇ ਮੰਜ਼ਿਲਾਂ ਨੂੰ ਜਾਂਦੇ।
ਮੇਰੇ ਲਾਲ ਦਿਓ ਲਾਲੋ ਕਦੇ ਚਿੱਤ ਨਾ ਡਲਾਉਣਾ,
ਜਾਨ ਵਾਰ ਕੇ ਹਮੇਸ਼ਾ ਸਿੱਖੀ ਸਿਦਕ ਨਿਭਾਉਣਾ,
ਵੈਰੀ ਕਈ ਵਾਰੀ ਹੱਦੋਂ ਵੱਧ ਜ਼ੁਲਮ ਵੀ ਢਾਹੁੰਦੇ…
ਜ਼ੋਰਾਵਰ ਫ਼ਤਹਿ ਸਿੰਘ ਤੁਰੇ ਮੰਜ਼ਿਲਾਂ ਨੂੰ ਜਾਂਦੇ।
ਥੋਡਾ ਪਿਤਾ ਮੇਰਾ ਪੁੱਤ ਦੁਨੀਆਂ ਦਾ ਦਸਮੇਸ਼,
ਪਿਤਾ ਤੋਰਿਆ ਦਿੱਲੀ ਨੂੰ ਆਯੂ ਸੀਗੀ ਨੌਂ ਬਰੇਸ,
ਆਏ ਦਾਦੇ ਪੜਦਾਦੇ ਨੇ ਸ਼ਹੀਦੀਆਂ ਹੀ ਪਾਉਂਦੇ…
ਜ਼ੋਰਾਵਰ ਫ਼ਤਹਿ ਸਿੰਘ ਤੁਰੇ ਮੰਜ਼ਿਲਾਂ ਨੂੰ ਜਾਂਦੇ।
ਸਾਹਿਬਜ਼ਾਦਿਆਂ ਨੂੰ ਦਾਦੀ ਐਸਾ ਪਾਠ ਸੀ ਪੜ੍ਹਾਇਆ,
ਜਾ ਕੇ ਸੂਬੇ ਦੀ ਕਚਹਿਰੀ ਝੰਡਾ ਸਿੱਖੀ ਦਾ ਝੁਲਾਇਆ,
ਨਹੀਂਓ ਪਾਰਸਾ ਮਿਸਾਲ ਲੋਕ ਸੀਸ ਨੇ ਝੁਕਾਉਂਦੇ…
ਜ਼ੋਰਾਵਰ ਫ਼ਤਹਿ ਸਿੰਘ ਤੁਰੇ ਮੰਜ਼ਿਲਾਂ ਨੂੰ ਜਾਂਦੇ।
ਸੰਪਰਕ: 99888-11681
ਸਿੱਖੀ ਦਾ ਥੰਮ੍ਹ
ਰਵਿੰਦਰ ਧਨੇਠਾ
ਗੁਰੂ ਗੋਬਿੰਦ ਸਿੰਘ ਦੇ ਲਾਲ ਦੁਲਾਰੇ
ਸਿੱਖੀ ਦਾ ਥੰਮ੍ਹ ਨੇ ਸਾਹਿਬਜ਼ਾਦੇ ਚਾਰੇ
ਸੱਚ ਨੇ ਕਦੇ ਈਨ ਨਾ ਮੰਨੀ ਜਬਰ ਦੀ
ਸੱਚ ਨਾ ਝੁਕੇ ਨਾ ਮਰੇ ਨਾ ਸੱਚ ਹਾਰੇ
ਸਾਹਿਬਜ਼ਾਦਿਆਂ ਦੇ ਸਿੱਖੀ ਸਿਦਕ ਅੱਗੇ
ਹਾਰ ਗਏ ਹੁਕਮਰਾਨ ਸੱਤਾ ਦੇ ਹੰਕਾਰੇ
ਗੁਰੂ ਗੋਬਿੰਦ ਸਿੰਘ ਦੇ ਲਾਲ ਦੁਲਾਰੇ
ਸਿੱਖੀ ਦਾ ਥੰਮ੍ਹ ਨੇ ਸਾਹਿਬਜ਼ਾਦੇ ਚਾਰੇ
ਸਿੱਖੀ ਦਾ ਬਾਗ਼ ਸਦਾ ਰਹੇ ਮਹਿਕਦਾ
ਇਸੇ ਚਾਹ ਵਿੱਚ ਪੁੱਤਰ ਸਿੱਖੀ ਤੋਂ ਵਾਰੇ
ਪੁੱਤਰਾਂ ਵੀ ਸਿੱਖੀ ਦਾ ਪੱਲਾ ਛੱਡਿਆ ਨੀ
ਚਾਰਾਂ ਪਾਈਆਂ ਸ਼ਹੀਦੀਆਂ ਛੱਡ ਜੈਕਾਰੇ
ਗੁਰੂ ਗੋਬਿੰਦ ਸਿੰਘ ਦੇ ਲਾਲ ਦੁਲਾਰੇ
ਸਿੱਖੀ ਦਾ ਥੰਮ੍ਹ ਨੇ ਸਾਹਿਬਜ਼ਾਦੇ ਚਾਰੇ
ਕੂੜ ਦੀ ਕੰਧ ਢਾਹੀ ਸਬਰ ਸਿਦਕ ਨਾਲ
ਨੀਂਹ ਵਿੱਚ ਖੜ੍ਹ ਕੇ ਵੀ ਨਾ ਡੋਲੇ ਪਿਆਰੇ
ਕੱਚੀ ਗੜ੍ਹੀ ਹੋਵੇ ਚਾਹੇ ਕੰਧ ਸਰਹੰਦ ਦੀ
ਦ੍ਰਿੜ੍ਹਤਾ ਬੱਚਿਆਂ ਦੀ ਜਾਬਰ ਨੂੰ ਵੰਗਾਰੇ
ਗੁਰੂ ਗੋਬਿੰਦ ਸਿੰਘ ਦੇ ਲਾਲ ਦੁਲਾਰੇ
ਸਿੱਖੀ ਦਾ ਥੰਮ੍ਹ ਨੇ ਸਾਹਿਬਜ਼ਾਦੇ ਚਾਰੇ
ਤਨ ਮਨ ਧਨ ਸਭ ਸੌਂਪ ਗੁਰ ਚਰਨੀ
ਪ੍ਰੀਤ ਤੋੜ ਨਿਭਾ ਗਏ ਗੁਰਸਿੱਖ ਪਿਆਰੇ
ਧਰਮ ਦੀਆਂ ਨੀਂਹਾਂ ਪੱਕੀਆਂ ਕਰ ਗਏ
ਗਵਾਹ ਨੇ ਧਰਤੀ ਸੂਰਜ ਚੰਨ ਸਿਤਾਰੇ
ਗੁਰੂ ਗੋਬਿੰਦ ਸਿੰਘ ਦੇ ਲਾਲ ਦੁਲਾਰੇ
ਸਿੱਖੀ ਦਾ ਥੰਮ੍ਹ ਨੇ ਸਾਹਿਬਜ਼ਾਦੇ ਚਾਰੇ
ਸੰਪਰਕ: 97799-34404
ਧੰਨ ਦਸ਼ਮੇਸ਼ ਪਿਤਾ
ਪ੍ਰੋ. ਨਵ ਸੰਗੀਤ ਸਿੰਘ
ਸ੍ਰੀ ਤੇਗ਼ ਬਹਾਦਰ ਗੁਰੂ ਪਿਤਾ, ਤੇ ਮਾਂ ਗੁਜਰੀ ਦੇ ਜਾਏ।
ਪਟਨਾ ਸ਼ਹਿਰ ‘ਚ ਜਨਮ ਲਿਆ, ਮੇਰੇ ਧੰਨ ਸ੍ਰੀ ਗੋਬਿੰਦ ਰਾਏ।
ਪੰਜ ਸਾਲ ਦੀ ਉਮਰ ਸੀ ਕੇਵਲ, ਜਦੋਂ ਆਨੰਦਪੁਰ ਆਏ।
ਚੋਜੀ ਪ੍ਰੀਤਮ ਨੇ ਕੀ ਆਖਾਂ, ਕੀ-ਕੀ ਚੋਜ ਵਿਖਾਏ।
ਹਿੰਦੂ ਧਰਮ ਬਚਾਵਣ ਦੇ ਲਈ, ਪਿਤਾ ਤੋਰਿਆ ਦਿੱਲੀ।
ਤੇਗ਼ ਬਹਾਦਰ ਦਿੱਤੀ ਸ਼ਹਾਦਤ, ਖ਼ਲਕਤ ਸਾਰੀ ਹਿੱਲੀ।
ਬਾਲ-ਵਰੇਸੇ ਗੁਰੂ ਸਾਹਿਬ ਨੇ, ਸ਼ਸਤਰ-ਵਿੱਦਿਆ ਸਿੱਖੀ।
ਡਰੇ ਪਹਾੜੀ ਰਾਜੇ ਐਸੇ, ਤੇਗ਼ ਵਾਹੀ ਉਹ ਤਿੱਖੀ।
ਵਿਸਾਖੀ ਵਾਲੇ ਦਿਨ ਗੁਰੂ ਜੀ, ਅੰਮ੍ਰਿਤ ਤਿਆਰ ਕਰਾਇਆ।
ਮਜ਼ਲੂਮਾਂ ਨੂੰ ਉੱਚਾ ਚੁੱਕਿਆ, ਗਿੱਦੜੋਂ ਸ਼ੇਰ ਬਣਾਇਆ।
ਪੰਜ ਪਿਆਰੇ ਸਾਜ ਸਿੱਖਾਂ ਨੂੰ, ਫਿਰ ਉਹ ਕੌਤਕ ਕੀਤਾ।
ਗੁਰੂ ਗੋਬਿੰਦ ਨੇ ਚੇਲਾ ਬਣ ਕੇ, ਘੁੱਟ ਅੰਮ੍ਰਿਤ ਦਾ ਪੀਤਾ।
ਜੰਗ ਚਮਕੌਰ ਦੋ ਵੱਡੇ ਬੇਟੇ, ਸਨ ਸ਼ਹੀਦ ਕਰਵਾਏ।
ਦੋ ਛੋਟਿਆਂ ਨੂੰ ਖ਼ਾਨ ਵਜ਼ੀਰੇ, ਨੀਂਹਾਂ ਵਿੱਚ ਚਿਣਾਏ।
ਐਸੀ ਬਿਪਤਾ ‘ਤੇ ਵੀ ਉਨ੍ਹਾਂ, ਜ਼ਰਾ ਨਾ ਸੋਗ ਮਨਾਇਆ।
‘ਯਾਰੜੇ ਦਾ ਸਾਨੂੰ ਸੱਥਰ ਚੰਗਾ’, ਉੱਚੀ ਆਖ ਸੁਣਾਇਆ।
ਜ਼ਫ਼ਰਨਾਮਾ ਔਰੰਗੇ ਤਾਈਂ, ਲਿਖਿਆ ਜੋਸ਼ ‘ਚ ਆ ਕੇ।
ਜੇਤੂ ਚਿੱਠੀ ਪੜ੍ਹ ਔਰੰਗਾ, ਕੰਬ ਉੱਠਿਆ ਥੱਰਰਾ ਕੇ।
ਜਿੱਤੀ ਜੰਗ ਖਿਦਰਾਣੇ ਦੀ ਤੇ, ਟੁੱਟੀ ਸਿੰਘਾਂ ਦੀ ਗੰਢੀ।
ਪਾੜ ਬੇਦਾਵਾ ਮਹਾਂ ਸਿੰਘ ਦਾ, ਮੰਦੀਓਂ ਕੀਤੀ ਚੰਗੀ।
ਤੁਰਦੇ-ਫਿਰਦੇ ਆਖ਼ਰ ਸਤਿਗੁਰ, ਦੇਸ਼ ਮਾਲਵਾ ਆਏ।
ਤਲਵੰਡੀ ਦੀ ਬੰਜਰ ਭੂਮੀ, ਨੂੰ ਆ ਭਾਗ ਲਗਾਏ।
ਦਮਦਮਾ ਸਾਹਿਬ ਨੂੰ ਦਾਤੇ ਨੇ, ਤਖ਼ਤ ਥਾਪਿਆ ਚੌਥਾ।
ਕੀਤਾ ਲੰਮਾ ਟਿਕਾਣਾ ਏਥੇ, ਵੇਲ਼ਾ ਮੁੱਕਿਆ ਔਖਾ।
ਬੈਠ ਹਜ਼ੂਰੀ ਵਿੱਚ ਦਾਤੇ ਦੀ, ਮਾਣ ਡੱਲੇ ਦਾ ਟੁੱਟਿਆ।
ਛਕਿਆ ਅੰਮ੍ਰਿਤ, ਮਿਟ ਗਈ ਹਉਮੈ, ਗਰਬ ਦਾ ਭਾਂਡਾ ਫੁੱਟਿਆ।
ਬੀੜ ਗ੍ਰੰਥ ਸੰਪੂਰਨ ਕੀਤੀ, ਵਿਚ ਤਲਵੰਡੀ ਰਹਿ ਕੇ।
ਮਨੀ ਸਿੰਘ ਨੂੰ ਆਪ ਲਿਖਾਇਆ, ਮੁੱਖੋਂ ਜ਼ਬਾਨੀ ਕਹਿ ਕੇ।
ਦਸਮ ਗ੍ਰੰਥ ਵਿੱਚ ਲਿਖੀ ਦਾਤੇ ਨੇ, ਕੇਵਲ ਆਪਣੀ ਬਾਣੀ।
ਅਜਬ ਅਨੋਖੀ ਉਹਦੀ ਗਾਥਾ, ਆਖਾਂ ਕਿੰਜ ਕਹਾਣੀ।
ਵਿੱਚ ਨੰਦੇੜ ਹਜ਼ੂਰ ਸਾਹਿਬ ਜਾ, ਅੰਤਮ ਫ਼ਤਹਿ ਬੁਲਾਈ।
ਗੁਰੂ ਗ੍ਰੰਥ ਨੂੰ ਸੀਸ ਨਿਵਾ ਕੇ, ਸੌਂਪ ਦਿੱਤੀ ਗੁਰਿਆਈ।
ਸਾਲ ਬਿਆਲੀ ਰਹਿ ਦੁਨੀਆ ਵਿਚ, ਐਸੇ ਕੌਤਕ ਕੀਤੇ।
ਜੋ ਅੜਿਆ ਸੋ ਝੜਿਆ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ, ਸਨ ਇੱਕ ਮਹਾਂ ਸੈਨਾਨੀ।
ਸਭ ਕੁਝ ਵਾਰ ਦਿੱਤਾ ਸੀ ਆਪਣਾ, ਧੰਨ ਸਨ ਸਰਬੰਸਦਾਨੀ।
ਸਭ ਧਰਮਾਂ ਦੇ, ਸਭ ਮਜ਼ਹਬਾਂ ਦੇ, ਕੀ ਮੁਸਲਿਮ, ਕੀ ਹਿੰਦੂ।
ਸਭ ਦੇ ਗੁਰੂ ਪੀਰ ਸਨ ਸਤਿਗੁਰ, ਸਭ ਦੇ ਕੇਂਦਰ ਬਿੰਦੂ।
ਮਿੱਤਰ ਪਿਆਰਾ, ਗੁਣੀ ਗਹੀਰਾ, ਧੰਨ ਅੰਮ੍ਰਿਤ ਦਾ ਦਾਤਾ।
ਕਰ ਕਿਰਪਾ ‘ਰੂਹੀ’ ਤੇ ਰਹਬਿਰ, ਭੇਦ ਨਾ ਤੇਰਾ ਜਾਤਾ।
ਸੰਪਰਕ: 94176-92015
ਅਸੀਂ ਉਹ ਹਾਂ
ਗੁਰਪ੍ਰੀਤ ਸਿੰਘ ਵਿੱਕੀ
ਅਸੀਂ ਉਹ ਵੀ ਨਹੀਂ ਹਾਂ
ਜੋ ਅੱਜ ਵਿਖਾਈ ਦੇ ਰਹੇ ਹਾਂ…
ਅਸੀਂ ਤਾਂ ਆਮ ਜਿਹੇ ਘਰਾਂ ਦੇ ਜਾਏ ਹਾਂ….
ਹਾਂ ਅਸੀਂ ਉਨ੍ਹਾਂ ਘਰਾਂ ‘ਚੋਂ ਉੱਠ ਕੇ ਆਏ ਆਂ
ਜਿੱਥੇ ਬਚਪਨ ‘ਚ ਬੂਟ ਵੀ
ਇੱਕ ਨੰਬਰ ਵੱਡਾ ਲੈ ਕੇ ਦਿੱਤਾ ਜਾਂਦਾ ਸੀ
ਤਾਂ ਕਿ ਅਗਲੇ ਸਾਲ ਵੀ ਕੰਮ ਆ ਜਾਊ,
ਸਾਡੀ ਮਾਂ ਤਾਂ ਬਾਪੂ ਦੇ ਪੁਰਾਣੇ ਕੱਪੜਿਆਂ ਦੇ ਵਿੱਚੋਂ ਹੀ
ਸਾਡੇ ਕੱਪੜੇ ਬਣਾ ਦਿਆ ਕਰਦੀ ਸੀ।
ਅਸੀਂ ਤਾਂ ਆਮ ਜਿਹੇ ਬਚਪਨ ਵਾਲੇ ਹਾਂ
ਅਸੀਂ ਉਹ ਹਾਂ ਜਦੋਂ ਪਿੰਡ ਦਾ ਸਾਂਝਾ ਅਖੰਡ ਪਾਠ
ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਸੀ…
ਤਾਂ ਅਸੀਂ ਸਾਰੇ ਪਿੰਡ ਵਿੱਚ ਦੁੱਧ ਮੰਗਣ ਜਾਇਆ ਕਰਦੇ ਸੀ,
ਅਸੀਂ ਤਾਂ ਉਨ੍ਹਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਹਾਂ,
ਜਿੱਥੇ ਕਲਾਸਾਂ ਵਿੱਚ ਪੜ੍ਹਾਈ ਬੈਂਚਾਂ ‘ਤੇ ਨਹੀਂ
ਥੱਲੇ ਜ਼ਮੀਨ ‘ਤੇ ਬੈਠ ਕੇ ਹੁੰਦੀ ਸੀ।
ਨਾਲੇ ਆਹ ਲਾਲ ਪੀਲੇ ਸਪਾਈਡਰਮੈਨ ਜਿਹੇ
ਤੁਹਾਡੇ ਸੁਪਰਹੀਰੋ ਹੋਣਗੇ…
ਸਾਡੇ ਲਈ ਸਾਡੇ ਹੀਰੋ ਹੋਰ ਹਨ,
ਅਸੀਂ ਤਾਂ ਦਾਦੀ ਮਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ
ਕਹਾਣੀਆਂ ਸੁਣ ਸੁਣ ਵੱਡੇ ਹੋਏ ਹਾਂ,
ਸਾਨੂੰ ਅੱਜ ਵੀ ਜਾਨ ਨਾਲੋਂ ਧਰਮ ਵੱਧ ਪਿਆਰਾ ਹੈ।
ਸੰਪਰਕ: 82848-88700