ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਅਕਤੂਬਰ
ਇਥੋਂ ਦੀ ਪੁਲੀਸ ਵਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਆਗੂ ਮਿੱਠੂ ਲੱਡਾ ਖ਼ਿਲਾਫ਼ ਥਾਣਾ ਸਦਰ ਧੂਰੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਿੱਠੂ ਲੱਡਾ ਪਿੰਡ ਲੱਡਾ ਦਾ ਸਰਪੰਚ ਹੈ ਅਤੇ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਮਿੱਠੂ ਲੱਡਾ ਖ਼ਿਲਾਫ ਪਟਿਆਲਾ ਨਿਵਾਸੀ ਮਹੰਤ ਸਿਮਰਨ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਧੂਰੀ ਯੋਗੇਸ਼ ਸ਼ਰਮਾ ਤੇ ਥਾਣਾ ਸਦਰ ਧੂਰੀ ਦੇ ਐਸਐਚਓ ਸੁਵਿੰਦਰ ਸਿੰਘ ਨੇ ਦੱਸਿਆ ਕਿ ਸਿਮਰਨ ਮਹੰਤ ਵਾਸੀ ਪਟਿਆਲਾ ਵੱਲੋਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸ ਦੀ ਸਾਲ 2019 ’ਚ ਹਲਕਾ ਧੂਰੀ ਦੇ ਯੂਥ ਕਾਂਗਰਸ ਆਗੂ ਨਾਲ ਮੋਬਾਈਲ ਫੋਨ ’ਤੇ ਗੱਲਬਾਤ ਸ਼ੁਰੂ ਹੋਈ ਸੀ ਜਿਸ ਨੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤੇ ਵਿਆਹ ਦਾ ਝਾਂਸਾ ਦੇ ਕੇ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਸਾਲ 2020 ਦੌਰਾਨ ਚੰਡੀਗੜ੍ਹ ਦੇ ਇੱਕ ਗੁਰੂ ਘਰ ’ਚ ਧਾਰਮਿਕ ਰਵਾਇਤਾਂ ਅਨੁਸਾਰ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਕਾਂਗਰਸੀ ਆਗੂ ਨੇ ਵੱਖ ਵੱਖ ਤਰੀਕਿਆਂ ਰਾਹੀਂ 50 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਤੇ ਠੱਗੀ ਮਾਰ ਕੇ ਚਲਾ ਗਿਆ। ਸਿਮਰਨ ਮਹੰਤ ਵਲੋਂ ਕੀਤੀ ਗਈ ਸ਼ਿਕਾਇਤ ਦੀ ਡੀਐਸਪੀ ਰਾਹੀਂ ਪੜਤਾਲ ਕੀਤੀ ਗਈ ਜਿਸ ਮਗਰੋਂ ਥਾਣਾ ਸਦਰ ਪੁਲੀਸ ਨੂੰ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।