ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ਨੇ ਅੱਜ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਪੰਜ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਅਨੀਸ਼ ਦਿਆਲ ਦੀ ਇਕਹਿਰੀ ਜੱਜ ਦੀ ਬੈਂਚ ਨੇ ਹੁਸੈਨ ਲਈ ਜ਼ਮਾਨਤ ਦਾ ਹੁਕਮ ਸੁਣਾਇਆ, ਜਿਸ ’ਤੇ ਦੰਗੇ ਕਰਨ, ਅੱਗ ਲਗਾਉਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਈ ਕੋਰਟ ਨੇ ਕਿਹਾ ਕਿ ਕੁਝ ਸ਼ਰਤਾਂ ਦੇ ਅਧੀਨ ਜ਼ਮਾਨਤ ਦਿੱਤੀ ਗਈ ਹੈ। ਹੁਸੈਨ ਹਿਰਾਸਤ ਵਿੱਚ ਰਹੇਗਾ ਕਿਉਂਕਿ ਦਿੱਲੀ ਪੁਲੀਸ ਦੇ “ਵੱਡੀ ਸਾਜ਼ਿਸ਼” ਕੇਸ ਸਮੇਤ ਉਸ ਦੇ ਵਿਰੁੱਧ ਹੋਰ ਕੇਸ ਦਰਜ ਹਨ ਜਿਸ ਵਿੱਚ ਉਸ ਵਿਰੁੱਧ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਕਤੂਬਰ 2022 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਇੱਕ ਕੇਸ ਵਿੱਚ ‘ਆਪ’ ਦੇ ਸਾਬਕਾ ਕੌਂਸਲਰ, ਉਸ ਦੇ ਭਰਾ ਸ਼ਾਹ ਆਲਮ ਅਤੇ ਚਾਰ ਹੋਰ ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਸਨ। ਫਰਵਰੀ ਵਿੱਚ ਹੁਸੈਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਇਨ੍ਹਾਂ ਮਾਮਲਿਆਂ ਵਿੱਚ ਸਾਰੇ ਸਹਿ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਹੁਸੈਨ ਇਕੱਲਾ ਬਚਿਆ ਹੈ।