ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਰਾਸ਼ਨ ਕਾਰਡਾਂ ਦਾ ਡਾਟਾ ਆਨਲਾਈਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ‘ਇੱਕ ਦੇਸ਼ ਇੱਕ ਕਾਰਡ’ ਯੋਜਨਾ ਤਹਿਤ ਸਮਾਰਟ ਰਾਸ਼ਨ ਕਾਰਡ ਬਣਾਏ ਜਾਣਗੇ। ਇਸ ਯੋਜਨਾ ਨੂੰ ਲੈਕੇ ਰਾਸ਼ਨ ਕਾਰਡਾਂ ਦਾ ਡਾਟਾ ਠੀਕ ਕਰਵਾਉਣ ਲਈ ਅੱਜ ਲੋਕਾਂ ਦੀ ਇਥੇ ਸੈਕਟਰ-17 ਸਥਿਤ ਖੁਰਾਕ ਤੇ ਸਪਲਾਈ ਵਿਭਾਗ ਦੇ ਦਫਤਰ ਵਿੱਚ ਭੀੜ ਲੱਗੀ ਰਹੀ। ਲੋਕਾਂ ਨੂੰ ਕਈ ਕਈ ਘੰਟੇ ਕਤਾਰ ਵਿੱਚ ਲੱਗ ਕੇ ਖੱਜਲ ਹੋਣਾ ਪਿਆ। ਲੋਕਾਂ ਨੇ ਰਾਸ਼ਨ ਕਾਰਡ ਅਪਡੇਟ ਕਰਵਾਉਣ ਲਈ ਕਰੋਨਾ ਨਿਯਮਾਂ ਦੀ ਵੀ ਪ੍ਰਵਾਹ ਨਾ ਕੀਤੀ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਅਤੇ ਕਈ ਲੋਕਾਂ ਨੂੰ ਬੇਰੰਗ ਵੀ ਮੁੜਨਾ ਪੈ ਰਿਹਾ ਹੈ। ਵਿਭਾਗ ਵਲੋਂ ਰਾਸ਼ਨ ਕਾਰਡ ਦਾ ਵੇਰਵਾ ਠੀਕ ਕਰਵਾਉਣ ਲਈ ਇਕ ਵਿਅਕਤੀ ਨੂੰ ਇੱਕ ਹੀ ਫਾਰਮ ਦਿੱਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਵੇ ਵੋਟ ਬਣਾਉਣ ਸਮੇਂ ਪ੍ਰਸ਼ਾਸਨ ਦੇ ਅਧਿਕਾਰੀ ਘਰ-ਘਰ ਜਾ ਕੇ ਵੇਰਵੇ ਇਕੱਤਰ ਕਰਦੇ ਹਨ, ਉਸੇ ਤਰ੍ਹਾਂ ਹੀ ਰਾਸ਼ਨ ਕਾਰਡ ਅਪਡੇਟ ਕਰਨ ਲਈ ਲਾਭਪਾਤਰੀ ਪਰਿਵਾਰਾਂ ਨੂੰ ਘਰ ਵਿੱਚ ਹੀ ਇਹ ਸਹੂਲਤ ਦੇਣੀ ਚਾਹੀਦੀ ਹੈ।
ਪਰਿਵਾਰ ਦਾ ਰਾਸ਼ਨ ਕਾਰਡ ਨਵਿਆਉਣ ਆਏ ਜਤਿੰਦਰ ਨੇ ਦੱਸਿਆ ਕਿ ਇਥੇ ਉਹ ਪਿਛਲੇ ਦੋ ਘੰਟਿਆਂ ਤੋਂ ਲਾਈਨ ਵਿੱਚ ਖੜ੍ਹਾ ਹੈ ਅਤੇ ਹੁਣ ਤੱਕ ਉਹਨਾਂ ਦੀ ਬੜੀ ਨਹੀਂ ਹੈ। ਉਹਨਾਂ ਕਿਹਾ ਕਿ ਫਾਰਮ ਲੈਣ ਲਈ ਜਦੋ-ਜਹਿਦ ਕਰਨੀ ਪਈ ਅਤੇ ਹੁਣ ਇਹ ਫਾਰਮ ਜਮ੍ਹਾਂ ਕਰਵਾਉਣ ਲਈ ਖੜ੍ਹਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭੀੜ ਨੂੰ ਘੱਟ ਕਰਨ ਲਈ ਉਪਰਾਲਾ ਕੀਤਾ ਜਾਵੇ।