ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਕਤੂਬਰ
ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਦੀ ਟੀਮ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਕੰਮਾਂ ਦੀ ਮੁਆਇਨਾ ਕਰਨ ਲਈ ਦੌਰਾ ਕੀਤਾ ਗਿਆ। ਇਸ ਟੀਮ ਨੇ ਦੌਰੇ ਦੌਰਾਨ 4 ਪਿੰਡਾਂ ਦਾ ਕੰਮ ਅਤੇ ਮੁਕੰਮਲ ਰਿਕਾਰਡ ਪਿੰਡ ਵਿੱਚ ਜਾ ਕੇ ਚੈੱਕ ਕੀਤਾ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਪਿੰਡਾਂ ਦੀ ਚੋਣ ਕੀਤੀ ਗਈ, ਜਿਸ ਤਹਿਤ ਉਨ੍ਹਾਂ ਵੱਲੋਂ ਪਿੰਡ ਆਹਲੂਪੁਰ, ਬਹਿਣੀਵਾਲ, ਬਰਨਾਲਾ ਅਤੇ ਆਲਮਪੁਰ ਮੰਦਰਾਂ ਵਿੱਚ ਜਾ ਕੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੋਸ਼ਲ ਆਡਿਟ ਦੌਰਾਨ ਹੋ ਰਹੀ ਗ੍ਰਾਮ ਸਭਾ ਵਿੱਚ ਵੀ ਹਿੱਸਾ ਲਿਆ ਗਿਆ। ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਟੀਮ ਵੱਲੋਂ ਮਗਨਰੇਗਾ ਸਕੀਮ ਅਧੀਨ ਪਿੰਡ ਪੱਧਰ ’ਤੇ ਕੰਮਾਂ ਸਬੰਧੀ ਵਰਕ ਫਾਈਲਾਂ, ਰਜਿਸਟਰ ਆਦਿ ਰਿਕਾਰਡ ਬਹੁਤ ਹੀ ਸੁਚੱਜੇ ਢੰਗ ਨਾਲ ਮੈਨਟੇਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਅਧੀਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਪਿੰਡ ਬਰਨਾਲਾ ਵਿੱਚ ਤਿਆਰ ਕੀਤੇ ਜਾ ਰਹੇ ਛੱਪੜ ਸਬੰਧੀ ਥਾਪਰ ਮਾਡਲ, ਪਿੰਡ ਵਿੱਚ ਪਾਰਕ ਦਾ ਜ਼ਿਕਰ ਕੀਤਾ ਗਿਆ। ਸ੍ਰੀਮਤੀ ਸੰਧੂ ਨੇ ਦੱਸਿਆ ਕਿ ਟੀਮ ਵੱਲੋਂ ਇਹ ਵੀ ਕਿਹਾ ਗਿਆ ਕਿ ਬੈਂਕਾਂ ਨੂੰ ਵਿਸ਼ੇਸ਼ ਤੌਰ ’ਤੇ ਨਿਰਦੇਸ਼ ਦੇਣ ਦੀ ਜ਼ਰੂਰਤ ਹੈ ਤਾਂ ਜੋ ਜੌਬ ਕਾਰਡ ਧਾਰਕਾਂ ਨੂੰ ਆਪਣੀਆਂ ਬੈਂਕ ਕਾਪੀਆਂ ਅਪਡੇਟ ਕਰਵਾਉਣ ਜਾਂ ਫਿਰ ਆਪਣੀ ਅਦਾਇਗੀ ਸਬੰਧੀ ਵੇਰਵਾ ਖਾਤੇ ਵਿੱਚ ਜਾਨਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।