ਜਗਮੋਹਨ ਸਿੰਘ
ਘਨੌਲੀ, 2 ਅਕਤੂਬਰ
ਸਕੂਲੀ ਵਿਦਿਆਰਥਣਾਂ ਅਤੇ ਬਾਜ਼ਾਰਾਂ ਤੋਂ ਸਾਮਾਨ ਖਰੀਦਣ ਆਉਂਦੇ ਲੋਕਾਂ ਨੂੰ ਸ਼ਾਂਤਮਈ ਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੁਲੀਸ ਵੱਲੋਂ ਸਕੂਲਾਂ ਦੇ ਆਲੇ ਦੁਆਲੇ ਅਤੇ ਬਾਜ਼ਾਰਾਂ ਵਿੱਚ ਸਖਤ ਨਜ਼ਰ ਰੱਖੀ ਜਾ ਰਹੀ ਹੈ। ਅੱਜ ਇਥੇ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਨੇੜੇ ਨਾਕੇਬੰਦੀ ਕਰਨ ਦੌਰਾਨ ਐੱਸਐੱਚਓ ਥਾਣਾ ਸਦਰ ਰੂਪਨਗਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੂਰੇ ਇਲਾਕੇ ਦੇ ਸਕੂਲਾਂ ਨੇੜੇ ਅਤੇ ਬਾਜ਼ਾਰਾਂ ਵਿੱਚ ਪੁਲੀਸ ਦੇ ਸਿਵਲ ਵਰਦੀ ਮੁਲਾਜ਼ਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਜਿਹੜਾ ਸ਼ੱਕੀ ਅੜਿੱਕੇ ਆਇਆ, ਉਸ ਨਾਲ ਪੁਲੀਸ ਵੱਲੋਂ ਪੂਰੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਜੇ ਕੋਈ ਸਕੂਲ ਲੱਗਣ ਅਤੇ ਛੁੱਟੀ ਦੇ ਸਮੇਂ ਬਿਨਾਂ ਮਤਲਬ ਸਕੂਲਾਂ ਨੇੜੇ ਘੁੰਮਦਾ ਨਜ਼ਰ ਆਇਆ ਤਾਂ ਪੁਲੀਸ ਵੱਲੋਂ ਸਬੰਧਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਸਕੂਲ ਅੱਗੇ ਅੱਜ ਨਾਕੇਬੰਦੀ ਕਰਕੇ ਸੜਕ ਤੋਂ ਗੁਜ਼ਰਨ ਵਾਲੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ।