ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਕਤੂਬਰ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਅਪਰੇਸ਼ਨਾਂ ਦੌਰਾਨ ਹੋਈ ਡਲਿਵਰੀ ਤੋਂ ਕੁਝ ਸਮੇਂ ਬਾਅਦ ਦੋ ਔਰਤਾਂ ਦੀ ਮੌਤ ਹੋ ਗਈ। ਹਾਲਾਂਕਿ ਡਲਿਵਰੀ ਦੌਰਾਨ ਪੈਦਾ ਹੋਏ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ। ਦੋਸ਼ ਲਾਉਣ ਵਾਲੇ ਪਰਿਵਾਰ ਵਾਲਿਆਂ ਨੇ ਪੁਲੀਸ ਕੋਲ ਸ਼ਿਕਾਇਤ ਨਹੀਂ ਕੀਤੀ ਤੇ ਨਾ ਹੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗਰੀਬ ਆਦਮੀ ਦੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਦੋਵੇਂ ਪਰਿਵਾਰ ਬਿਨਾਂ ਪੋਸਟਮਾਰਟਮ ਦੇ ਹੀ ਲਾਸ਼ ਲੈ ਕੇ ਚਲੇ ਗਏ। ਢੰਡਾਰੀ ਕਲਾਂ ਦੇ ਰਹਿਣ ਵਾਲੇ ਚੰਦਨ ਕੁਮਾਰ ਨੇ ਦੱਸਿਆ ਕਿ ਉਹ ਫੈਕਟਰੀ ’ਚ ਕੰਮ ਕਰਦਾ ਹੈ ਤੇ ਉਸਦੇ 2 ਬੱਚੇ ਹਨ। ਉਸ ਦੀ ਪਤਨੀ ਦਾ ਸਿਵਲ ਹਸਪਤਾਲ ’ਚ ਹੀ ਇਲਾਜ ਚੱਲ ਰਿਹਾ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਕਹਿਣ ’ਤੇ ਪਹਿਲਾਂ ਹੀ ਤਿੰਨ ਵਾਰ ਅਲਟਰਾਸਾਊਂਡ ਹੋਇਆ। ਐਤਵਾਰ ਨੂੰ ਜਦੋਂ ਉਸ ਦੀ ਪਤਨੀ ਦੀ ਸਿਹਤ ਖਰਾਬ ਹੋਈ ਤਾਂ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ। ਦੇਰ ਰਾਤ ਲੜਕੀ ਪੈਦਾ ਹੋਈ। ਚੰਦਨ ਦਾ ਕਹਿਣਾ ਹੈ ਕਿ ਡਲਿਵਰੀ ਤੋਂ ਬਾਅਦ ਉਸ ਦੀ ਪਤਨੀ ਤੇ ਬੱਚਾ ਬਿਲਕੁਲ ਸਿਹਤਮੰਦ ਸਨ, ਪਰ ਸੋਮਵਾਰ ਤੜਕੇ ਪਤਨੀ ਦੇ ਢਿੱਡ ’ਚ ਦਰਦ ਹੋਣ ਲੱਗਿਆ। ਦਰਦ ਇੰਨਾ ਜ਼ਿਆਦਾ ਸੀ ਕਿ ਉਹ ਸਹਿ ਨਹੀਂ ਸਕੀ। ਉਸ ਨੇ ਸਟਾਫ਼ ਨੂੰ ਕਿਹਾ ਪਰ ਕਿਸੇ ਨਹੀਂ ਸੁਣੀ। ਕਾਫ਼ੀ ਵਾਰ ਕਹਿਣ ਤੋਂ ਬਾਅਦ ਸਟਾਫ਼ ਨੇ ਟੀਕਾ ਲਾ ਦਿੱਤਾ। ਕੁਝ ਸਮੇਂ ਬਾਅਦ ਉਸਦੀ ਪਤਨੀ ਦੀ ਮੌਤ ਹੋ ਗਈ। ਚੰਦਨ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੀ ਮੌਤ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਰਾਤ ਨੂੰ ਡਾਕਟਰ ਨਹੀਂ ਹੁੰਦੇ ਤੇ ਸਟਾਫ਼ ਸੌ ਜਾਂਦਾ ਹੈ। ਉਹ ਮਰੀਜ਼ ਦੀ ਸਾਂਭ ਸੰਭਾਲ ਵੀ ਨਹੀਂ ਕਰਦੇ। ਦੂਜੇ ਮਾਮਲੇ ’ਚ ਢੋਲੇਵਾਲ ਦੇ ਪ੍ਰਭਾਤ ਨਗਰ ਵਾਸੀ ਲਛਮਣ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਰਿੰਕੂ ਗਰਭਵਤੀ ਸੀ। ਐਤਵਾਰ ਨੂੰ ਦਰਦ ਹੋਣ ’ਤੇ ਉਨ੍ਹਾਂ ਨੇ ਸ਼ਾਮ ਨੂੰ ਪਤਨੀ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਉਸ ਦੇ ਘਰ ਲੜਕੇ ਨੇ ਜਨਮ ਲਿਆ ਪਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਸਦੀ ਪਤਨੀ ਦੀ ਸਿਹਤ ਖਰਾਬ ਹੋ ਗਈ ਤੇ ਕੁਝ ਸਮੇਂ ਬਾਅਦ ਉਸਨੇ ਦਮ ਤੋੜ ਦਿੱਤਾ।
ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕੀਤੀ
ਮਦਰ ਐਂਡ ਚਾਈਲਡ ਦੇ ਐਸਐਮਓ ਡਾਕਟਰ ਰਣਧੀਰ ਚਾਹਲ ਦਾ ਕਹਿਣਾ ਹੈ ਕਿ ਦੋਵੇਂ ਹੀ ਔਰਤਾਂ ਐਤਵਾਰ ਨੂੰ ਦਾਖਲ ਹੋਈਆਂ ਸਨ। ਦੋਹਾਂ ਦਾ ਆਪ੍ਰੇਸ਼ਨ ਕਰ ਕੇ ਡਲਿਵਰੀ ਕੀਤੀ ਗਈ ਸੀ। ਦੋਹਾਂ ਹੀ ਮਾਮਲਿਆਂ ’ਚ ਅਚਾਨਕ ਢਿੱਡ ’ਚ ਦਰਦ ਹੋਣ ਤੋਂ ਬਾਅਦ ਮੌਤ ਹੋਈ। ਦੋਵਾਂ ਹੀ ਪਰਿਵਾਰਾਂ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਗਿਆ ਸੀ ਕਿ ਤਾਂ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ, ਪਰ ਉਹ ਨਹੀਂ ਮੰਨੇ ਤੇ ਇਹ ਵੀ ਲਿਖ ਕੇ ਦੇ ਗਏ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।