ਕੀਵ, 1 ਅਕਤੂਬਰ
ਯੂਕਰੇਨ ਨੇ ਰੂਸੀ ਫ਼ੌਜ ’ਤੇ ਜ਼ਾਪੋਰਿ਼ਜ਼ੀਆ ਪਰਮਾਣੂ ਪਾਵਰ ਪਲਾਂਟ ਦੇ ਡਾਇਰੈਕਟਰ ਜਨਰਲ ਇਹੋਰ ਮੁਰਾਸ਼ੋਵ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਹੈ। ਮਾਸਕੋ ਵੱਲੋਂ ਯੂਕਰੇਨ ਦੇ ਖ਼ਿੱਤਿਆਂ ਨੂੰ ਆਪਣੇ ਨਾਲ ਰਲਾਉਣ ਦੇ ਕੁਝ ਘੰਟਿਆਂ ਅੰਦਰ ਹੀ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਦੇ ਮੁਖੀ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਹਨ। ਪਰਮਾਣੂ ਕੰਪਨੀ ਇਨਰਗੋਆਟੋਮ ਨੇ ਕਿਹਾ ਕਿ ਰੂਸੀ ਫ਼ੌਜੀਆਂ ਨੇ ਮੁਰਾਸ਼ੋਵ ਦੀ ਕਾਰ ਨੂੰ ਰੋਕ ਕੇ ਉਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਅਤੇ ਫਿਰ ਕਿਸੇ ਅਣਦੱਸੀ ਥਾਂ ’ਤੇ ਲੈ ਗਏ। ਕੰਪਨੀ ਦੇ ਮੁਖੀ ਪੈਟਰੋ ਕੋਟਿਨ ਨੇ ਡਾਇਰੈਕਟਰ ਦੀ ਫ਼ੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੁਰਾਸ਼ੋਵ ਨੂੰ ਬੰਦੀ ਬਣਾਉਣ ਨਾਲ ਯੂਕਰੇਨ ਅਤੇ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੀ ਸੁਰੱਖਿਆ ਖ਼ਤਰੇ ’ਚ ਪੈ ਜਾਵੇਗੀ। ਇਹ ਪਾਵਰ ਪਲਾਂਟ ਲਗਾਤਾਰ ਸੁਰਖੀਆਂ ’ਚ ਰਿਹਾ ਹੈ ਅਤੇ ਜੰਗ ਦੌਰਾਨ ਇਸ ’ਚ ਅੱਗ ਵੀ ਲੱਗ ਗਈ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਉਸ ਦੀ ਫ਼ੌਜ ਨੇ ਅਹਿਦ ਲਿਆ ਹੈ ਕਿ ਉਹ ਆਪਣੇ ਖ਼ਿੱਤਿਆਂ ਨੂੰ ਆਜ਼ਾਦ ਕਰਾਉਣ ਲਈ ਲੜਦੇ ਰਹਿਣਗੇ। ਯੂਕਰੇਨ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਰਣਨੀਤਕ ਤੌਰ ’ਤੇ ਅਹਿਮ ਪੂਰਬੀ ਸ਼ਹਿਰ ਲੀਮੈਨ ’ਚ ਰੂਸੀ ਫ਼ੌਜ ਨੂੰ ਘੇਰਾ ਪਾ ਲਿਆ ਹੈ। ਇਸੇ ਦੌਰਾਨ ਰੂਸ ਵੱਲੋਂ ਕੈਦੀ ਬਣਾਏ ਗਏ ਯੂਕਰੇਨ ਵਾਸੀਆਂ ਦੇ ਰਿਸ਼ਤੇਦਾਰਾਂ ਵੱਲੋਂ ਕੀਵ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। -ਏਪੀ