ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਤਰਾਈ ਦੇ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇਜਿੰਦਰ ਸਿੰਘ ਵਿਰਕ ਉਨ੍ਹਾਂ ਲੋਕਾਂ ਦੇ ਨਿਸ਼ਾਨੇ ’ਤੇ ਸਨ ਜਿਨ੍ਹਾਂ ਪਿੱਛੋਂ ਆ ਕੇ ਕਿਸਾਨਾਂ ’ਤੇ ਗੱਡੀਆਂ ਚੜ੍ਹਾ ਦਿੱਤੀਆਂ ਸਨ। ਵਿਰਕ ਨਾਲ ਹੈਲੀਪੈਡ ਉੱਤੇ ਪ੍ਰਦਰਸ਼ਨ ਕਰਨ ਪੁੱਜੇ ਗੁਰਜੀਤ ਸਿੰਘ ਵਿਰਕ (ਕੋਟੀਆ) ਨੇ ਦੱਸਿਆ ਕਿ ਤੇਜ਼ੀ ਨਾਲ ਗੱਡੀਆਂ ਨੇ ਟੱਕਰ ਪਿੱਛੋਂ ਆ ਕੇ ਉਦੋਂ ਮਾਰੀ ਜਦੋਂ ਕਿਸਾਨ ਧਰਨਾ ਖ਼ਤਮ ਕਰਕੇ ਘਰਾਂ ਨੂੰ ਪਰਤਣ ਲੱਗੇ ਸਨ। ਉਨ੍ਹਾਂ ਦੱਸਿਆ ਕਿ ਉਹ ਗੱਡੀ ਹੇਠ ਆ ਗਿਆ ਅਤੇ ਗੱਡੀ ਦੇ ਟਾਇਰ ਸਲਿੱਪ ਕਰਨ ਲੱਗੇ। ਹਾਜ਼ਰ ਕਿਸਾਨਾਂ ਨੇ ਗੱਡੀ ਪਲਟਾ ਕੇ ਉਸ ਨੂੰ ਬਾਹਰ ਕੱਢਿਆ। ਟਾਇਰਾਂ ਦੀ ਰਗੜ ਕਾਰਨ ਉਸ ਦੀ ਪਿੱਠ ਬੁਰੀ ਤਰ੍ਹਾਂ ਛਿੱਲੀ ਗਈ। ਰਾਤ ਨੂੰ ਉਸ ਨੂੰ ਰੁਦਰਪੁਰ ਦੇ ਚੀਮਾ ਹਸਪਤਾਲ ਭਰਤੀ ਕਰਵਾਇਆ ਗਿਆ। ਭਾਰਤੀ ਕਿਸਾਨ ਯੂਨੀਅਨ (ਸਵਰਾਜ) ਦੇ ਆਗੂ ਸੁਖਵੰਤ ਸਿੰਘ ਭੁੱਲਰ ਨੇ ਕਿਹਾ ਕਿ ਗੱਡੀਆਂ ’ਚ ਸਵਾਰ ਲੋਕਾਂ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸੀ। ਵਿਰਕ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਵੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਗੰਭੀਰ ਬਣੀ ਹੋਈ ਸੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਲਖੀਮਪੁਰ ਖੀਰੀ ਤੋਂ ਦੱਸਿਆ ਕਿ ਕਿਸਾਨਾਂ ਨੇ ਖਦਸ਼ੇ ਹਾਜ਼ਰ ਕੀਤੇ ਹਨ ਕਿ ਕਥਿਤ ਦੋਸ਼ੀਆਂ ਵੱਲੋਂ ਤੇਜਿੰਦਰ ਸਿੰਘ ਵਿਰਕ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਸੀ।