ਲਖਨਊ/ਲਖੀਮਪੁਰ ਖੀਰੀ(ਯੂਪੀ), 4 ਅਕਤੂੁਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਯੂਪੀ ਦੇ ਸੀਤਾਪੁਰ ਵਿੱਚ ਹਿਰਾਸਤ ਵਿੱਚ ਲਏ ਜਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਈ। ਯੂਪੀ ਪੁਲੀਸ ਨੇ ਲਖੀਮਪੁਰ ਖੀਰੀ ਲਈ ਰਵਾਨਾ ਹੋਈ ਪ੍ਰਿਯੰਕਾ ਨੂੰ ਰਾਹ ਵਿੱਚ ਰੋਕ ਕੇ ਹਿਰਾਸਤ ਵਿੱਚ ਲੈ ਲਿਆ। ਪ੍ਰਿਯੰਕਾ ਹੋਰਨਾਂ ਕਾਂਗਰਸੀ ਆਗੂਆਂ, ਜਿਨ੍ਹਾਂ ਵਿੱਚ ਦੀਪੇਂਦਰ ਹੁੱਡਾ ਵੀ ਸ਼ਾਮਲ ਸਨ, ਨਾਲ ਅੱਜ ਸਵੇਰੇ ਕਿਸੇ ਤਰ੍ਹਾਂ ਲਖੀਮਪੁਰ ਸਰਹੱਦ ’ਤੇ ਪੁੱਜੀ, ਪਰ ਪੁਲੀਸ ਨੇ ਕਾਂਗਰਸੀ ਆਗੂ ਨੂੰ ਹਿੰਸਾ ਵਿੱਚ ਮਾਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਮਿਲਣ ਤੋਂ ਰੋਕ ਦਿੱਤਾ। ਯੂਪੀ ਕਾਂਗਰਸ ਨੇ ਇਕ ਟਵੀਟ ਵਿੱਚ ਕਿਹਾ, ‘‘ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਹੁਣ ਭੁੱਖ ਹੜਤਾਲ ’ਤੇ ਹਨ। ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਸਰਕਾਰ ਨੂੰ ਸਾਡੀਆਂ ਮੰਗਾਂ ਅੱਗੇ ਝੁਕਣਾ ਹੋਵੇਗਾ। ਨਿਆਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ।’’ ਪਾਰਟੀ ਵੱਲੋਂ ਰਿਲੀਜ਼ ਵੀਡੀਓ ਵਿੱਚ ਪ੍ਰਿਯੰਕਾ ਗਾਂਧੀ ਇਕ ਕਮਰੇ, ਜਿਸ ਵਿੱਚ ਉਸ ਨੂੰ ਰੱਖਿਆ ਗਿਆ ਹੈ, ਦੀ ਸਾਫ਼ ਸਫ਼ਾਈ ਕਰਦੀ
ਨਜ਼ਰ ਆ ਰਹੀ ਹੈ। ਕਾਂਗਰਸ ਦੇ ਸੂੁਬਾਈ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਕਾਂਗਰਸੀ ਆਗੂ ਤੇ ਵਰਕਰਾਂ ਨੂੰ ਇਸ ਤਰ੍ਹਾਂ ਰੋਕਣਾ ‘ਗੈਰਜਮਹੂਰੀ’ ਹੈ। ਦੱਸਣਾ ਬਣਦਾ ਹੈ ਕਿ ਪ੍ਰਿਯੰਕਾ ਗਾਂਧੀ ਐਤਵਾਰ ਦੇਰ ਰਾਤ ਹੀ ਲਖੀਮਪੁਰ ਖੀਰੀ ਲਈ ਰਵਾਨਾ ਹੋ ਗਈ ਸੀ। ਉਹ ਬਦਲਵੇਂ ਰਸਤਿਆਂ ਰਾਹੀਂ ਸੀਤਾਪੁਰ ਦੇ ਹਰਗਾਓਂ ਖੇਤਰ ਵਿੱਚ ਪੁੱਜੇ ਕਿਉਂਕਿ ਮੁੱਖ ਸੜਕਾਂ ’ਤੇ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਕਿਸਾਨਾਂ ਨੂੰ ਪੈਰਾਂ ਹੇਠ ਮਧੋਲਣ ਦੀ ਸਿਆਸਤ ਖੇਡ ਰਹੀ ਹੈ। ਇਕ ਟਵੀਟ ’ਚ ਪ੍ਰਿਯੰਕਾ ਨੇ ਕਿਹਾ, ‘‘ਭਾਜਪਾ ਸਰਕਾਰ ਕਿਸਾਨਾਂ ਨੂੰ ਪੈਰਾਂ ਹੇਠ ਮਧੋਲਣ ਤੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਸਿਆਸਤ ਖੇਡ ਰਹੀ ਹੈ।’’ -ਪੀਟੀਆਈ
ਸਾਰੇ ਡੀਸੀ ਦਫ਼ਤਰਾਂ ਬਾਹਰ ਅੱਜ ਪ੍ਰਦਰਸ਼ਨ ਕਰੇਗੀ ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਉਹ ਕਿਸਾਨਾਂ ਦੀ ਹਮਾਇਤ ਅਤੇ ਯੂਪੀ ਵਿੱਚ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਦੇਸ਼ ਭਰ ਵਿੱਚ ਸਾਰੇ ਜ਼ਿਲ੍ਹਾ ਕੁਲੈਕਟਰ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰੇਗੀ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਾਰਟੀ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਕਾਂਗਰਸ ਸਾਰੇ ਦੇਸ਼ ਦੇ ਕਿਸਾਨਾਂ ਦੀ ਹਮਾਇਤ ਵਿੱਚ ਖੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਤੇ ਯੂਪੀ ਦੇ ਮੁੱਖ ਮੰਤਰੀ ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਮੰਗ ਕੀਤੀ ਕਿ ਯੂਪੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਰਿਹਾਅ ਕੀਤਾ ਜਾਵੇ ਅਤੇ ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਲਖੀਮਪੁਰ ਖੀਰੀ ’ਚ ਹਿੰਸਾ ਵਾਲੀ ਥਾਂ ’ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। -ਆਈਏਐੱਨਐੱਸ