ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦਾ ਮੁੱਖ ਕਾਰਨ ਸਿਆਸੀ ਆਗੂਆਂ, ਉਨ੍ਹਾਂ ਦੇ ਧੀਆਂ-ਪੁੱਤਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੇ ਮਨਾਂ ਵਿਚ ਪੈਦਾ ਹੋਇਆ ਸੱਤਾ-ਹੰਕਾਰ ਅਤੇ ਇਹ ਵਿਸ਼ਵਾਸ ਹੈ ਕਿ ਉਹ ਮਨਮਰਜ਼ੀ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਕਰਕੇ ਕਾਨੂੰਨ ਦੀ ਪਕੜ ਤੋਂ ਬਚ ਸਕਦੇ ਹਨ। ਇਸ ਦਾ ਇਕ ਹੋਰ ਪ੍ਰਮੁੱਖ ਕਾਰਨ ਕੁਝ ਸੱਤਾਧਾਰੀ ਆਗੂਆਂ ਵੱਲੋਂ ਘਿਰਣਾ ਭਰਿਆ ਪ੍ਰਚਾਰ ਹੈ ਜਿਸ ਵਿਚ ਸੱਤਾਧਾਰੀ ਪਾਰਟੀ ਦੇ ਕਾਰਕੁਨਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ। ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਘਟਨਾ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਤੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜੈ ਮਿਸ਼ਰਾ ਨੇ 25 ਸਤੰਬਰ ਨੂੰ ਦਿੱਤੇ ਬਿਆਨ ਵਿਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਗ਼ੈਰ-ਜ਼ਰੂਰੀ ਦੱਸਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ‘ਸੁਧਰ ਜਾਣ’, ਨਹੀਂ ਤਾਂ ਉਹ ਉਨ੍ਹਾਂ ਨੂੰ ‘ਦੋ ਮਿੰਟਾਂ ਵਿਚ’ ਸੁਧਾਰ ਦੇਵੇਗਾ। ਵਾਇਰਲ ਹੋਈ ਇਸ ਮੀਡੀਆ ਕਲਿੱਪ ਵਿਚ ਮਿਸ਼ਰਾ ਇਹ ਵੀ ਕਹਿੰਦਾ ਹੈ ਕਿ ਉਹ ਕੇਵਲ ਕੇਂਦਰੀ ਮੰਤਰੀ ਜਾਂ ਲੋਕ ਸਭਾ ਦਾ ਮੈਂਬਰ ਨਹੀਂ ਹੈ ਸਗੋਂ ‘ਕੁਝ ਹੋਰ ਵੀ ਹੈ’ ਅਤੇ ਜੇ ਉਸ ਨੇ ਆਪਣੇ ਢੰਗ ਨਾਲ ਕਾਰਵਾਈ ਕੀਤੀ ਤਾਂ ਅੰਦੋਲਨਕਾਰੀਆਂ ਨੂੰ ਬਲੀਆ ਹੀ ਨਹੀਂ ਸਗੋਂ ਲਖੀਮਪੁਰ ਖੀਰੀ ਵੀ ਛੱਡਣ ਲਈ ਮਜਬੂਰ ਹੋਣਾ ਪਵੇਗਾ। ‘ਕੁਝ ਹੋਰ ਵੀ ਹੋਣਾ’ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਹਿੰਸਾ ਕਰਨ ਦੀ ਧਮਕੀ ਹੈ। ਕਿਸਾਨਾਂ ਵਿਚ ਇਸ ਬਿਆਨ ਕਾਰਨ ਭਾਰੀ ਰੋਸ ਸੀ। ਐਤਵਾਰ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਉਸ ਇਲਾਕੇ ਵਿਚ ਦੌਰਾ ਸੀ ਅਤੇ ਕਿਸਾਨ ਤਿਕੁਨੀਆ-ਬਨਬੀਰਪੁਰ ਮਾਰਗ ’ਤੇ ਇਸ ਦੌਰੇ ਦਾ ਵਿਰੋਧ ਕਰ ਰਹੇ ਸਨ ਜਦ ਦਨਦਨਾਉਂਦੀਆਂ ਕਾਰਾਂ/ਗੱਡੀਆਂ ਉਨ੍ਹਾਂ ’ਤੇ ਚੜ੍ਹ ਗਈਆਂ। ਚਾਰ ਕਿਸਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 12 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ। ਇਲਾਕੇ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਦੀ ਹਾਲਤ ਵੀ ਗੰਭੀਰ ਹੈ।
ਕਿਸਾਨ ਅੰਦੋਲਨ ਸ਼ੁਰੂਆਤ ਤੋਂ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਅਕਹਿ ਜ਼ਬਤ ਤੇ ਸੰਜਮ ਦਾ ਮੁਜ਼ਾਹਰਾ ਕੀਤਾ ਹੈ। ਇਹ ਘਟਨਾ ਵਾਪਰਨ ਵੇਲੇ ਵੀ ਕਿਸਾਨ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਸਨ। ਜਦ ਕਿਸਾਨਾਂ ਨੇ ਆਪਣੇ ਸਾਥੀਆਂ ਨੂੰ ਦਰੜੇ ਅਤੇ ਮਾਰੇ ਜਾਂਦੇ ਦੇਖਿਆ ਤਾਂ ਉਨ੍ਹਾਂ ਵਿਚ ਗੁੱਸਾ ਤੇ ਰੋਹ ਵਧਿਆ ਅਤੇ ਦੋ ਵਾਹਨਾਂ ਨੂੰ ਅੱਗ ਲਗਾਈ ਗਈ। ਕੁਝ ਰਿਪੋਰਟਾਂ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਕਿਸਾਨਾਂ ’ਤੇ ਗੋਲੀ ਵੀ ਚਲਾਈ। ਇਸ ਤਰ੍ਹਾਂ ਇਕ ਪਾਸੇ ਸੱਤਾਧਾਰੀ ਪਾਰਟੀ ਦਾ ਸੱਤਾ-ਹੰਕਾਰ ਹੈ ਅਤੇ ਦੂਸਰੇ ਪਾਸੇ ਕਿਸਾਨਾਂ ਦਾ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਸ਼ਾਂਤਮਈ ਅੰਦੋਲਨ। ਇਹ ਪ੍ਰਤੱਖ ਅੰਤਰ ਸਪੱਸ਼ਟ ਕਰਦਾ ਹੈ ਕਿ ਕਿਸਾਨ ਇਕ ਨੈਤਿਕ ਯੁੱਧ ਲੜ ਰਹੇ ਹਨ ਜਦਕਿ ਸੱਤਾਧਾਰੀ ਪਾਰਟੀ ਦੀ ਟੇਕ ਅਨੈਤਿਕਤਾ, ਹੰਕਾਰ, ਬਾਹੂਬਲ ਅਤੇ ਹਿੰਸਾ ’ਤੇ ਹੈ।
ਕਿਸਾਨ ਆਗੂਆਂ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਕੇਂਦਰੀ ਮੰਤਰੀ ’ਤੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ। ਕੇਸ ਦਰਜ ਕਰਨਾ ਦਰਸਾਉਂਦਾ ਹੈ ਕਿ ਘਟਨਾ ਤੋਂ ਬਾਅਦ ਕੀਤਾ ਜਾ ਰਿਹਾ ਇਹ ਦਾਅਵਾ ਕਿ ਅਸ਼ੀਸ਼ ਮਿਸ਼ਰਾ ਉਸ ਘਟਨਾ ਨਾਲ ਸਬੰਧਿਤ ਵਾਹਨਾਂ ਵਿਚ ਮੌਜੂਦ ਨਹੀਂ ਸੀ, ਝੂਠਾ ਸੀ। ਇਸ ਘਟਨਾ ਦਾ ਸਾਰੇ ਦੇਸ਼ ਵਿਚ ਵਿਰੋਧ ਹੋਇਆ ਹੈ ਅਤੇ ਕਿਸਾਨ ਸੰਗਠਨਾਂ ਦੇ ਸੱਦੇ ’ਤੇ ਥਾਂ ਥਾਂ ’ਤੇ ਹਰ ਵਰਗ ਦੇ ਲੋਕਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਮੁਜ਼ਾਹਰੇ ਕੀਤੇ। ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰੀਆਂ ਅਤੇ ਉਨ੍ਹਾਂ ਦੇ ਪ੍ਰਮੁੱਖ ਆਗੂਆਂ ਨੂੰ ਲਖੀਮਪੁਰ ਖੀਰੀ ਜਾਣ ਤੋਂ ਰੋਕ ਕੇ ਹਿਰਾਸਤ ਵਿਚ ਲਿਆ ਗਿਆ ਹੈ। ਕਿਸਾਨ ਆਗੂਆਂ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਕਾਰ ਹੋਇਆ ਸਮਝੌਤਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਦਿਵਾਉਣ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕਰਨ ਦੇ ਸਬੰਧ ਵਿਚ ਹੈ। ਇਸ ਸਮਝੌਤੇ ਦੇ ਅਰਥ ਇਹ ਨਹੀਂ ਹੋ ਸਕਦੇ ਕਿ ਕਿਸਾਨਾਂ ਵਿਚ ਇਸ ਘਟਨਾ ਬਾਰੇ ਰੋਹ ਤੇ ਗੁੱਸਾ ਖ਼ਤਮ ਹੋ ਗਿਆ ਹੈ। ਲੋਕ-ਮਨ ਇਸ ਘਟਨਾ ਵਿਚ ਮਾਰੇ ਗਏ ਕਿਸਾਨਾਂ ਨੂੰ ਲੋਕ-ਸ਼ਹੀਦਾਂ ਦਾ ਦਰਜਾ ਦੇ ਰਿਹਾ ਹੈ ਅਤੇ ਇਹ ਸ਼ਹਾਦਤ ਕਿਸਾਨ ਅੰਦੋਲਨ ਦੇ ਵੇਗ ਨੂੰ ਹੋਰ ਪ੍ਰਚੰਡ ਕਰੇਗੀ। ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਪੰਜਾ ਸਾਹਿਬ ਵਿਚ ਹੋਈ ਘਟਨਾ ਦੀ ਯਾਦ ਦਿਵਾਉਂਦੀ ਹੈ ਜਦ ਰੇਲ ਗੱਡੀ ਨੇ ਸ਼ਾਂਤਮਈ ਸਿੰਘਾਂ ਨੂੰ ਕੁਚਲ ਦਿੱਤਾ ਸੀ। ਸਾਨੂੰ ਇਹ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਸ ਮਹਾਨ ਕੁਰਬਾਨੀ ਦੇ ਬਾਅਦ ਵੀ ਗੁਰਦੁਆਰਾ ਸੁਧਾਰ ਲਹਿਰ ਪੂਰਨ ਤੌਰ ’ਤੇ ਸ਼ਾਂਤਮਈ ਰਹੀ ਅਤੇ ਇਸੇ ਕਾਰਨ ਉਸ ਮਹਾਨ ਸੰਘਰਸ਼ ਵਿਚ ਜਿੱਤ ਪ੍ਰਾਪਤ ਹੋਈ ਸੀ। ਕਿਸਾਨ ਜਥੇਬੰਦੀਆਂ ’ਤੇ ਭਾਰੀ ਜ਼ਿੰਮੇਵਾਰੀ ਹੈ ਕਿ ਦੁੱਖ ਦੀ ਇਸ ਘੜੀ ਵਿਚ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਅੰਦੋਲਨ ਨੂੰ ਪੂਰਨ ਰੂਪ ਵਿਚ ਸ਼ਾਂਤਮਈ ਰੱਖਿਆ ਜਾਵੇ।