ਲਖਨਊ/ਲਖੀਮਪੁਰ ਖੀਰੀ(ਯੂਪੀ), 4 ਅਕਤੂੁਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਯੂਪੀ ਦੇ ਸੀਤਾਪੁਰ ਵਿੱਚ ਹਿਰਾਸਤ ਵਿੱਚ ਲਏ ਜਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਈ। ਯੂਪੀ ਪੁਲੀਸ ਨੇ ਲਖੀਮਪੁਰ ਖੀਰੀ ਲਈ ਰਵਾਨਾ ਹੋਈ ਪ੍ਰਿਯੰਕਾ ਨੂੰ ਰਾਹ ਵਿੱਚ ਰੋਕ ਕੇ ਹਿਰਾਸਤ ਵਿੱਚ ਲੈ ਲਿਆ। ਪ੍ਰਿਯੰਕਾ ਹੋਰਨਾਂ ਕਾਂਗਰਸੀ ਆਗੂਆਂ ਜਿਨ੍ਹਾਂ ਵਿੱਚ ਦੀਪੇਂਦਰ ਹੁੱਡਾ ਵੀ ਸ਼ਾਮਲ ਸਨ, ਨਾਲ ਅੱਜ ਸਵੇਰੇ ਕਿਸੇ ਤਰ੍ਹਾਂ ਲਖੀਮਪੁਰ ਸਰਹੱਦ ’ਤੇ ਪੁੱਜੀ, ਪਰ ਪੁਲੀਸ ਨੇ ਕਾਂਗਰਸੀ ਆਗੂ ਨੂੰ ਹਿੰਸਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮਿਲਣ ਤੋਂ ਰੋਕ ਦਿੱਤਾ। ਯੂਪੀ ਕਾਂਗਰਸ ਨੇ ਇਕ ਟਵੀਟ ਵਿੱਚ ਕਿਹਾ, ‘‘ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਹੁਣ ਭੁੱਖ ਹੜਤਾਲ ’ਤੇ ਹਨ। ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਸਰਕਾਰ ਨੂੰ ਸਾਡੀਆਂ ਮੰਗਾਂ ਅੱਗੇ ਝੁਕਣਾ ਹੋਵੇਗਾ। ਨਿਆਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ।’’ ਇਸੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਕਿ ਉਹ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਬਿਨਾ ਵਾਪਸ ਨਹੀਂ ਜਾਣਗੇ। ਪਾਰਟੀ ਵੱਲੋਂ ਰਿਲੀਜ਼ ਵੀਡੀਓ ਵਿੱਚ ਪ੍ਰਿਯੰਕਾ ਗਾਂਧੀ ਇਕ ਕਮਰੇ ਜਿਸ ਵਿੱਚ ਉਸ ਨੂੰ ਰੱਖਿਆ ਗਿਆ ਹੈ, ਦੀ ਸਾਫ਼ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਸੂੁਬਾਈ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਕਾਂਗਰਸੀ ਆਗੂ ਤੇ ਵਰਕਰਾਂ ਨੂੰ ਇਸ ਤਰ੍ਹਾਂ ਰੋਕਣਾ ‘ਗੈਰਜਮਹੂਰੀ’ ਹੈ। -ਪੀਟੀਆਈ