ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਕਤੂਬਰ
ਤਰਾਈ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਉਨ੍ਹਾਂ ਲੋਕਾਂ ਦੇ ਨਿਸ਼ਾਨੇ ’ਤੇ ਸਨ ਜਿਨ੍ਹਾਂ ਪਿੱਛੋਂ ਆ ਕੇ ਗੱਡੀਆਂ ਚੜ੍ਹਾ ਦਿੱਤੀਆਂ ਸਨ। ਸ੍ਰੀ ਵਿਰਕ ਨਾਲ ਹੈਲੀਪੈਡ ਉਤੇ ਪ੍ਰਦਰਸ਼ਨ ਕਰਨ ਪੁੱਜੇ ਗੁਰਜੀਤ ਸਿੰਘ ਵਿਰਕ ਕੋਟੀਆ ਨੇ ਦੱਸਿਆ ਕਿ ਤੇਜ਼ੀ ਨਾਲ ਗੱਡੀਆਂ ਨੇ ਟੱਕਰ ਪਿੱਛੋਂ ਆ ਕੇ ਉਦੋਂ ਮਾਰੀ ਜਦੋਂ ਕਿਸਾਨ ਧਰਨਾ ਖਤਮ ਕਰਕੇ ਘਰਾਂ ਨੂੰ ਪਰਤਣ ਲੱਗੇ ਹੋਏ ਸਨ। ਗੁਰਜੀਤ ਗੱਡੀ ਹੇਠ ਆ ਗਿਆ ਅਤੇ ਗੱਡੀ ਦੇ ਟਾਇਰ ਸਲਿੱਪ ਕਰਨ ਲੱਗੇ। ਹਾਜ਼ਰ ਕਿਸਾਨਾਂ ਨੇ ਗੱਡੀ ਪਲਟਾ ਕੇ ਉਸ ਨੂੰ ਬਾਹਰ ਕੱਢਿਆ। ਟਾਇਰਾਂ ਦੀ ਰਗੜ ਕਾਰਨ ਉਸ ਦੀ ਢੂਹੀ ਬੁਰੀ ਤਰ੍ਹਾਂ ਛਿੱਲੀ ਗਈ। ਰਾਤ ਨੂੰ ਉਸ ਨੂੰ ਰੁਦਰਪੁਰ ਦੇ ਚੀਮਾ ਹਸਪਤਾਲ ਭਰਤੀ ਕਰਵਾਇਆ ਗਿਆ। ਕਿਸਾਨ ਆਗੂ ਸੁਖਵੰਤ ਸਿੰਘ ਭੁੱਲਰ ਨੇ ਕਿਹਾ ਗੱਡੀਆਂ ਚ ਸਵਾਰ ਲੋਕਾਂ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸੀ। ਸ੍ਰੀ ਵਿਰਕ ਦੇ ਗੰਭੀਰ ਸੱਟਾਂ ਲੱਗੀਆਂ ਹਨ।