ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਅਕਤੂਬਰ
ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦਾ ਹਜ਼ੂਮ ਆ ਗਿਆ। ਅੱਜ ਛੱਤਬੀੜ ਚਿੜੀਆਘਰ ਦੇ ਪ੍ਰਸ਼ਾਸਨ ਦੀ ਆਸ ਤੋਂ ਜ਼ਿਆਦਾ ਸੈਲਾਨੀ ਪਹੁੰਚੇ ਜਿਨ੍ਹਾਂ ਨੂੰ ਸੰਭਾਲਣ ਵਿੱਚ ਅਧਿਕਾਰੀ ਨਾਕਾਮ ਨਜ਼ਰ ਆਏ।
ਇੱਥੇ ਪਹੁੰਚਣ ਵਾਲੇ ਸੈਲਾਨੀਆਂ ਦੀ ਗਿਣਤੀ ਦੇ ਹਿਸਾਬ ਨਾਲ ਇੱਥੇ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਬਾਹਰ ਵਾਹਨਾਂ ਦਾ ਘੜਮੱਸ ਮਚ ਗਿਆ। ਸੈਲਾਨੀਆਂ ਨੂੰ ਜਿੱਥੇ ਥਾਂ ਮਿਲੀ, ਉੱਥੇ ਵਾਹਨ ਖੜ੍ਹੇ ਕਰ ਦਿੱਤੇ। ਸਿੱਟੇ ਵਜੋਂ ਬੇਤਰਤੀਬੀ ਨਾਲ ਖੜ੍ਹੇ ਵਾਹਨਾਂ ਕਾਰਨ ਛੱਤਬੀੜ ਚਿੜੀਆਘਰ ਦੇ ਬਾਹਰ ਜਾਮ ਲੱਗ ਗਿਆ ਅਤੇ ਪਿੰਡ ਛੱਤ ਵਿੱਚ ਲੋਕਾਂ ਵੱਲੋਂ ਥਾਂ-ਥਾਂ ਵਾਹਨ ਖੜ੍ਹੇ ਕਰ ਦਿੱਤੇ ਗਏ। ਇਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਅੱਜ ਸਾਰਾ ਦਿਨ ਛੱਤਬੀੜ ਚਿੜੀਆਘਰ ਵਿੱਚ ਦਾਖ਼ਲ ਹੋਣ ਵਾਲੇ ਸੈਲਾਨੀਆਂ ਦੀ ਲਾਈਨਾਂ ਲੱਗੀਆਂ ਰਹੀਆਂ ਜਿਨ੍ਹਾਂ ਨੂੰ ਸੰਭਾਲਣ ਵਿੱਚ ਮੁਲਾਜ਼ਮਾਂ ਨੂੰ ਦਿੱਕਤ ਆਈ।
ਡਾਇਨਾਸੌਰ ਪਾਰਕ ਰਿਹਾ ਖਿੱਚ ਦਾ ਕੇਂਦਰ
ਇੱਥੇ ਛੱਤਬੀੜ ਚਿੜੀਆਘਰ ਵਿੱਚ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਡਾਇਨਾਸੌਰ ਪਾਰਕ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਪਾਰਕ ਦੇ ਬਾਹਰ ਸੈਲਾਨੀਆਂ ਦੀ ਭੀੜ ਲੱਗੀ ਰਹੀ। ਪਾਰਕ ਵਿੱਚ ਰੋਬੋਟ ਡਾਇਨਾਸੌਰ ਤਿਆਰ ਕੀਤੇ ਗਏ ਹਨ ਜੋ ਸੈਲਾਨੀਆਂ ਨਾਲ ਹਠਖੇਲੀਆਂ ਕਰਦੇ ਰਹੇ। ਇੱਥੇ ਤਿਆਰ ਬੋਲਣ ਵਾਲੇ ਦਰੱਖ਼ਤ ਨਾਲ ਬੱਚਿਆਂ ਨੇ ਮਨੋਰੰਜਨ ਕੀਤਾ। ਇਸ ਦਰੱਖ਼ਤ ਦੇ ਨੇੜੇ ਸਾਰਾ ਦਿਨ ਬੱਚਿਆਂ ਦੀ ਭੀੜ ਲੱਗੀ ਰਹੀ। ਚਿੜੀਆਘਰ ਦੇ ਅਧਿਕਾਰੀਆਂ ਵੱਲੋਂ ਅੱਜ ਸੈਲਾਨੀਆਂ ਨੂੰ ਬਾਘ ਸਣੇ ਹੋਰਨਾਂ ਜੀਵ ਜੰਤੂਆਂ ਬਾਰੇ ਜਾਣਕਾਰੀ ਦਿੱਤੀ ਗਈ।