ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਅੱਜ ਲੁਧਿਆਣਾ ਵਿੱਚ ਹੋਈ ਪ੍ਰੀਖਿਆ ਵਿੱਚ ਸਿਰਫ 38.81 ਫੀਸਦ ਵਿਦਿਆਰਥੀ ਹੀ ਪ੍ਰੀਖਿਆ ਦੇਣ ਆਏ। ਜ਼ਿਲ੍ਹੇ ਦੇ ਚਾਰ ਪ੍ਰੀਖਿਆ ਸੈਂਟਰਾਂ ਵਿੱਚ ਸਿਰਫ 373 ਪ੍ਰੀਖਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵੀਰ ਸਿੰਘ ਅਨੁਸਾਰ ਕੋਵਿਡ ਕਰਕੇ ਇਹ ਪ੍ਰੀਖਿਆ ਦੇਰੀ ਨਾਲ ਹੋਈ ਜਿਸ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਈ ਬੱਚਿਆਂ ਨੇ ਹੋਰਨਾਂ ਸਕੂਲਾਂ ਵਿੱਚ ਦਾਖਲੇ ਲੈ ਲਏ ਹਨ।
ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਸਹੂਲਤਾਂ, ਖਾਣਾ ਅਤੇ ਕੋਚਿੰਗ ਆਦਿ ਸਹੂਲਤਾਂ ਨਾਲ ਲੈਸ ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਲਈ ਅੱਜ ਦਾਖਲਾ ਪ੍ਰੀਖਿਆ ਹੋਈ। ਲੁਧਿਆਣਾ ਵਿੱਚ ਹੋਈ ਇਸ ਪ੍ਰੀਖਿਆ ਲਈ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਸ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ 961 ਵਿਦਿਆਰਥੀਆਂ ਵਿੱਚੋਂ ਸਿਰਫ 373 ਪ੍ਰੀਖਿਆਰਥੀ ਹੀ ਪ੍ਰੀਖਿਆ ਦੇਣ ਪਹੁੰਚੇ। ਇਨ੍ਹਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਵਿੱਚ 264 ਵਿੱਚੋਂ 106, ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹੀਆ ਲੜਕੇ ’ਚ 253 ਵਿੱਚੋਂ ਸਿਰਫ 98 ਵਿਦਿਆਰਥੀ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਚੌਂਕ ਵਿੱਚ 277 ਵਿੱਚੋਂ 120 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਵਿੱਚ 167 ਵਿੱਚੋਂ ਸਿਰਫ 49 ਪ੍ਰੀਖਿਆਰਥੀ ਪ੍ਰੀਖਿਆ ਦੇਣ ਪਹੁੰਚੇ। ਡੀਈਓ ਸੈਕੰਡਰੀ ਲਖਵੀਰ ਸਿੰਘ ਨੇ ਦੱਸਿਆ ਕਿ ਭਾਵੇਂ ਕਈ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਪਰ ਉਨ੍ਹਾਂ ਵਿੱਚੋਂ ਕਈਆਂ ਨੇ ਵੱਖ ਵੱਖ ਸਕੂਲਾਂ ਵਿੱਚ ਦਾਖਲੇ ਲੈ ਲਏ ਹਨ ਜਿਸ ਕਰਕੇ ਅੱਜ ਪ੍ਰੀਖਿਆ ਦੇਣ ਉਮੀਦ ਨਾਲੋਂ ਘੱਟ ਵਿਦਿਆਰਥੀ ਆਏ ਹਨ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਕੋਵਿਡ ਸਬੰਧੀ ਜਾਰੀ ਹਦਾਇਤਾਂ ਕਰਕੇ ਮੈਰੀਟੋਰੀਅਸ ਸਕੂਲਾਂ ਵਿੱਚ ਬੱਚਿਆਂ ਦੀ ਰਿਹਾਇਸ਼ ਨਹੀਂ ਕਰਵਾਈ ਜਾ ਸਕਦੀ ਸੀ ਜਿਸ ਕਰਕੇ ਦਾਖਲਾ ਪ੍ਰੀਖਿਆ ਦੇਰੀ ਨਾਲ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਦਿੱਤੀ ਹੈ।