ਪ੍ਰਭੂ ਦਿਆਲ
ਸਿਰਸਾ, 2 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੱਲੋਂ ਅੱਜ ਦੁਪਹਿਰ ਵੇਲੇ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਦਾ ਘਿਰਾਓ ਕੀਤਾ। ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲੀਸ ਨੇ ਭਾਜਪਾ ਆਗੂੁ ਦੇ ਘਰ ਅੱਗੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਪਰ ਫਿਰ ਵੀ ਕਿਸਾਨ ਬੈਰੀਕੇਡ ਤੋੜ ਕੇ ਸੁਨੀਤਾ ਦੁੱਗਲ ਦੇ ਘਰ ਅੱਗੇ ਪਹੁੰਚ ਗਏ।
ਕਿਸਾਨ ਪਹਿਲਾਂ ਸਿਰਸਾ ਦੇ ਹੁੱਡਾ ਸੈਕਟਰ ਵਿੱਚ ਸਥਿਤ ਮਹਿਲਾ ਥਾਣਾ ਨੇੜੇ ਇਕੱਠੇ ਹੋਏ ਅਤੇ ਇੱਥੋਂ ਰੋਸ ਮਾਰਚ ਕਰਦਿਆਂ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਨੇੜੇ ਪੁੱਜ ਗਏ। ਇੱਥੇ ਪਹਿਲਾਂ ਤੋਂ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰੋਹ ਵਿੱਚ ਆਏ ਕਿਸਾਨ ਬੈਰੀਕੇਡ ਪਾਸੇ ਕਰਦਿਆਂ ਭਾਜਪਾ ਆਗੂ ਦੇ ਘਰ ਅੱਗੇ ਪੁੱਜ ਗਏ ਅਤੇ ਉੱਥੇ ਧਰਨਾ ਲਾ ਕੇ ਬੈਠ ਗਏ। ਇਸ ਦੌਰਾਨ ਸੀਆਰਪੀਐੱਫ ਜਵਾਨਾਂ ਅਤੇ ਪੁਲੀਸ ਕਰਮਚਾਰੀਆਂ ਦੀ ਕਿਸਾਨਾਂ ਨਾਲ ਧੱਕਾ-ਮੁੱਕੀ ਵੀ ਹੋਈ।
ਕਿਸਾਨ ਆਗੂ ਹਰਵਿੰਦਰ ਸਿੰਘ ਅਤੇ ਰੋਸ਼ਨ ਸੁਚਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ ਪੁੱਜੇ ਸਨ ਪਰ ਪੁਲੀਸ ਕਰਮਚਾਰੀਆਂ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਇੱਥੋਂ ਦੀ ਹਿਸਾਰ ਰੋਡ ਸਥਿਤ ਇੱਕ ਨਿੱਜੀ ਰਿਜ਼ੌਰਟ ਵਿੱਚ ਅੱਜ ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਭਾਜਪਾ ਆਗੂਆਂ ਨੇ ਸੁਭਾਸ਼ ਬਰਾਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਰੱਖੀ ਸੀ, ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਗਿਆ।
ਚੋਣ ਪ੍ਰਚਾਰ ਲਈ ਆਏ ਭਾਜਪਾ ਤੇ ਜਜਪਾ ਆਗੂਆਂ ਦਾ ਵਿਰੋਧ
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਵਿਧਾਨ ਸਭਾ ਹਲਕੇ ਦੀ 30 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਪ੍ਰਚਾਰ ਲਈ ਭਾਜਪਾ ਤੇ ਜਜਪਾ ਆਗੂ ਪੁੱਜਣੇ ਸ਼ੁਰੂ ਹੋ ਗਏ ਹਨ। ਭਾਜਪਾ ਆਗੂਆਂ ਦੇ ਗੇੜਿਆਂ ਦੀ ਭਿਣਕ ਲੱਗਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਵੀ ਸਿਆਸੀ ਆਗੂਆਂ ਦੇ ਘਿਰਾਓ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਅੱਜ ਇੱਥੇ ਭਾਜਪਾ ਵੱਲੋਂ ਮੰਡਲ ਪ੍ਰਧਾਨ ਜਸਵੀਰ ਸਿੰਘ ਚਹਿਲ ਦੇ ਹੁੱਡਾ ਸਥਿਤ ਘਰ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਅਤੇ ਹੋਰ ਸੀਨੀਅਰ ਆਗੂਆਂ ਦੇ ਪਹੁੰਚਣ ਦੀ ਉਮੀਦ ਸੀ। ਕਿਸਾਨਾਂ ਨੂੰ ਜਿਉਂ ਹੀ ਸੁਭਾਸ਼ ਬਰਾਲਾ ਦੇ ਏਲਨਾਬਾਦ ਪਹੁੰਚਣ ਦੀ ਖ਼ਬਰ ਮਿਲੀ ਤਾਂ ਕਰੀਬ 10 ਵਜੇ ਹੀ ਸ਼ਹਿਰ ਦੇ ਅੰਬੇਡਕਰ ਚੌਕ ਵਿੱਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨ ਕਰੀਬ ਤਿੰਨ ਘੰਟੇ ਤੱਕ ਇੱਥੇ ਉਡੀਕ ਕਰਦੇ ਰਹੇ ਪਰ ਸੁਭਾਸ਼ ਬਰਾਲਾ ਏਲਨਾਬਾਦ ਨਹੀਂ ਆਏ। ਇਸ ਮਗਰੋਂ ਕਿਸਾਨ ਭਾਜਪਾ ਦੇ ਹੋਰ ਆਗੂਆਂ ਦਾ ਵਿਰੋਧ ਕਰਨ ਲਈ ਜਸਵੀਰ ਸਿੰਘ ਚਹਿਲ ਦੇ ਘਰ ਅੱਗੇ ਪਹੁੰਚ ਗਏ, ਜਿੱਥੇ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ, ਅਮਨ ਚੋਪੜਾ ਸਮੇਤ ਹੋਰ ਸੀਨੀਅਰ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਥਾਣਾ ਇੰਚਾਰਜ ਰਾਧੇ ਸ਼ਿਆਮ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਸੀ। ਕਿਸਾਨ ਆਗੂਆਂ ਨੇ ਆਖਿਆ ਕਿ ਏਲਨਾਬਾਦ ਜ਼ਿਮਨੀ ਚੋਣ ਦੌਰਾਨ ਇੱਥੇ ਆਉਣ ਵਾਲੇ ਹਰ ਭਾਜਪਾ-ਜਜਪਾ ਆਗੂ ਦਾ ਵਿਰੋਧ ਕੀਤਾ ਜਾਵੇਗਾ।