ਪਾਲ ਸਿੰਘ ਨੌਲੀ
ਜਲੰਧਰ, 2 ਅਕਤੂਬਰ
ਪੰਜਾਬ ਚ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਨਾ ਹੋਣ ਕਾਰਨ ਕਿਸਾਨਾਂ ਨੇ ਨਵੇਂ ਬਣੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ। ਕਿਸਾਨਾਂ ਦਾ ਰੋਸ ਇਸ ਨੂੰ ਲੈ ਕੇ ਸੀ ਕਿ ਝੋਨੇ ਦੀ ਖਰੀਦ 1 ਅਕਤੂਬਰ ਦੀ ਥਾਂ 11 ਅਕਤੂਬਰ ਨੂੰ ਕਰ ਦਿੱਤੀ ਹੈ। ਬੀਕੇਯੂ ਰਾਜੇਵਾਲ ਵਲੋਂ ਪੰਜਾਬ ’ਚ ਥਾਂ-ਥਾਂ ’ਤੇ ਘਿਰਾਓ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ’ਚ ਚੱਲ ਰਹੇ ਧਰਨਿਆਂ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਇਹੋ ਜਿਹੀਆਂ ਚਾਲਾਂ ਚਾਲ ਰਹੀ ਹੈ। ਪ੍ਰਗਟ ਸਿੰਘ ਅੱਜ ਜਲੰਧਰ ਦੇ ਸਰਕਟ ਹਾਉਸ ਵਿਖੇ ਅਧਿਆਪਕਾਂ ਨਾਲ ਮੀਟਿੰਗ ’ਚ ਰੁਝੇ ਹੋਏ ਸਨ। ਕਿਸਾਨਾਂ ਨੇ ਰੋਸ ਪ੍ਰਗਟਾਇਆ ਕਿ ਪ੍ਰਗਟ ਸਿੰਘ ਸਰਕਟ ਹਾਊਸ ਵਿੱਚ ਫੁੱਲਾਂ ਦੇ ਗੁਲਦਸਤੇ ਲੈ ਰਹੇ ਸਨ ਤੇ ਢੋਲ ਵਜਾ ਕੇ ਖੁਸ਼ੀਆ ਮਨਾ ਰਹੇ ਸਨ ਜਦ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆਪਣੇ ਹੱਕਾਂ ਲਈ ਲੜ ਰਹੇ ਹਨ। ਪੁਲੀਸ ਨੇ ਵੀ ਸੁਰੱਖਿਆ ਦੇ ਇੰਤਜਾਮ ਕੀਤੇ ਹੋਏ ਸਨ।
ਫਿਲੌਰ(ਸਰਬਜੀਤ ਗਿੱਲ): ਅੱਜ ਇਥੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਕੈਂਪ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਝੋਨੇ ਦੀ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ।
ਕਿਸਾਨ ਆਗੂਆਂ ਦੇ ਦੱਸਿਆ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਰਾਜ ਭਰ ’ਚ ਅਜਿਹੇ ਧਰਨੇ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿ ਝੋਨੇ ਦੇ ਬਹਾਨੇ ਵੱਡੇ ਵਪਾਰੀਆਂ ਨੂੰ ਫਾਇਦਾ ਦੇਣ ਦੀ ਚਾਲ ਚੱਲੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮੀਂਹ ਪੈਣ ਉਪਰੰਤ ਨਮੀ ਦਾ ਬੇਤੁਕਾ ਬਹਾਨਾ ਲਗਾ ਰਹੀ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੀ ਠੀਕ ਢੰਗ ਨਾਲ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀਆ ਮੁਸ਼ਕਲਾਂ ਹੋਰ ਵਧਣਗੀਆਂ। ਇਸ ਧਰਨੇ ਨੂੰ ਜਮਹੂਰੀ ਕਿਸਾਨ ਦੇ ਸੂਬਾ ਖਜ਼ਾਨਚੀ ਜਸਵਿੰਦਰ ਸਿੰਘ ਢੇਸੀ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਹੋਤਾ ਤੋਂ ਇਲਾਵਾ ਸੰਤੋਖ ਸਿੰਘ ਬਿਲਗਾ, ਬਲਵਿੰਦਰ ਸਿੰਘ, ਨਵਦੀਪ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਕੁਲਵੰਤ ਸਿੰਘ ਖਹਿਰਾ, ਲਖਬੀਰ ਸੰਧੂ, ਜਸਬੀਰ ਭੋਲੀ, ਕੁਲਜੀਤ ਸਿੰਘ, ਬਲਰਾਜ ਸਿੰਘ, ਬਾਰੀ ਸੰਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਜਰਨੈਲ ਫਿਲੌਰ ਨੇ ਸੰਬੋਧਨ ਕੀਤਾ।