ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 1 ਅਕਤੂਬਰ
ਇਸਰੋ ਦੇ ਸਾਬਕਾ ਡਾਇਰੈਕਟਰ ਡਾ. ਐੱਨਕੇ ਗੁਪਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਨ ੳਪਰੰਤ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਇੱਕ ਵੱਡਾ ਤੀਰਥ ਅਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਲੋਕਾਈ ਨੂੰ ਦਿੱਤਾ ਗਿਆ ਸੀ। ਇਸ ਮੌਕੇ ਉਨ੍ਹਾਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਵੇਈਂ ਦੀ 21 ਸਾਲਾਂ ਤੋਂ ਕੀਤੀ ਜਾ ਰਹੀ ਕਾਰ ਸੇਵਾ ਬਾਰੇ ਆਈਆਂ ਚੁਣੌਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਡਾ. ਐੱਨਕੇ ਗੁਪਤਾ ਨੂੰ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀਂ ਪਵਿੱਤਰ ਵੇਈਂ ਦੇ ਪਾਣੀ ਵਿੱਚ ਆਏ ਬੇਮਿਸਾਲੀ ਸੁਧਾਰਾਂ ਬਾਰੇ ਤੇ ਵੇਈਂ ਦੇ ਵਗਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਹੋਣ ਬਾਰੇ ਜਾਣਕਾਰੀ ਦਿੱਤੀ। ਕਿਸ਼ਤੀ ਵਿੱਚ ਬੈਠ ਕੇ ਵੇਈਂ ਕਿਨਾਰੇ ਗੁਰਦਆਰਾ ਬੇਰ ਸਾਹਿਬ ਤੇ ਗੁਰਦੁਆਰਾ ਸੰਤ ਘਾਟ ਦੇ ਦਰਸ਼ਨ ਕਰਵਾਏ ਗਏ। ਡਾ. ਐੱਨਕੇ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨਾਲ ਵੀ ਕਾਫੀ ਸਮਾਂ ਕੰਮ ਕੀਤਾ ਸੀ। ਸੰਤ ਸੀਚੇਵਾਲ ਨੇ ਇਸ ਮੌਕੇ ਉਨ੍ਹਾਂ ਨੂੰ ਗੁਰੂ ਨਾਨਕ ਆਰਟ ਗੈਲਰੀ ਦਿਖਾਈ।