ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਅਕਤੂਬਰ
ਸਥਾਨਕ ਸਰਹਿੰਦੀ ਦਰਵਾਜ਼ੇ ਦੇ ਬਾਹਰ ਸ਼ਹਿਰ ਦੀਆਂ ਤਿੰਨ ਦਰਜਨ ਮੁਸਲਿਮ ਜੱਥੇਬੰਦੀਆਂ ਨੇ ਅੱਜ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦੀ ਵਿਰੋਧੀ ਦਸਤੇ ਵੱਲੋਂ ਧਰਮ ਬਦਲੀ ਦੇ ਕਥਿਤ ਝੂਠੇ ਦੋਸ਼ਾਂ ਹੇਠ ਮੁਸਲਿਮ ਵਿਦਵਾਨ ਮੌਲਾਨਾ ਕਲੀਮ ਸਿੱਦਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਮੰਗੀ। ਇਸ ਮੌਕੇ ਮੌਲਾਨਾ ਮੁਜ਼ਤਬਾ ਯਜ਼ਦਾਨੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਮੌਲਾਨਾ ਕਲੀਮ ਸਿੱਦਕੀ ਦੀ ਗ੍ਰਿਫ਼ਤਾਰੀ ਦਾ ਮੰਤਵ ਦੇਸ਼ ਦੀਆਂ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਹਕੂਮਤ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ। ਮੁਫ਼ਤੀ ਏ ਆਜ਼ਮ ਪੰਜਾਬ ਮੁਫ਼ਤੀ ਇਰਤਕਾ ਉਲ ਕਾਂਧਲਵੀ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਦੇਸ਼ ਵਾਸੀਆਂ ਨੂੰ ਆਪਣੀ ਮਰਜ਼ੀ ਨਾਲ ਆਪਣੇ ਧਰਮ ਦੀ ਇਬਾਦਤ ਅਤੇ ਪ੍ਰਚਾਰ ਕਰਨ ਦੀ ਆਗਿਆ ਦਿੰਦਾ ਹੈ। ਜਮਾਤ ਏ ਇਸਲਾਮੀ ਹਿੰਦ ਦੇ ਆਗੂ ਮਾਸਟਰ ਮੁਹੰਮਦ ਨਜ਼ੀਰ ਨੇ ਕਿਹਾ ਕਿ ਭਾਰਤ ਇੱਕ ਬਹੁਧਰਮੀ ਤੇ ਬਹੁ ਭਾਸ਼ਾਈ ਦੇਸ਼ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਆਪਣੇ ਧਾਰਮਿਕ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਇਸ ਮੌਕੇ ਮੁਸਲਿਮ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮੌਲਾਨਾ ਕਲੀਮ ਸਿੱਦਕੀ ਦੀ ਤੁਰੰਤ ਰਿਹਾਈ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਇੱਕ ਮੰਗ ਪੱਤਰ ਐੱਸਡੀਐੱਮ ਮਾਲੇਰਕੋਟਲਾ ਟੀ ਬੈਨਿਥ ਨੂੰ ਸੌਂਪਿਆ ਗਿਆ।