ਪ੍ਰਭੂ ਦਿਆਲ
ਸਿਰਸਾ, 1 ਅਕਤੂਬਰ
ਇਥੋਂ ਦੇ ਜੀਵਨ ਨਗਰ ਸਥਿਤ ਨਾਮਧਾਰੀ ਗੁਰਦੁਆਰਾ ਵਿੱਚ ਲੋਕ ਪੰਚਾਇਤ ਦੀ ਇਕੱਤਰਤਾ ਸੀਨੀਅਰ ਕਿਸਾਨ ਆਗੂ ਦਰਸ਼ਨ ਸਿੰਘ ਲਾਲੇਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਲੋਕ ਪੰਚਾਇਤ ’ਚ ਹਾਜ਼ਰ ਲੋਕਾਂ ਨੂੰ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਬੈਠੇ ਹਨ ਪਰ ਸਰਕਾਰ ਲਗਾਤਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ। ਹੁਣ ਤੱਕ ਸਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਤੇ ਹਰਿਆਣਾ ਵਿੱਚ ਕਿਸਾਨ ਅੰਦੋਲਨ ਨੂੰ ਚਲਦਿਆਂ ਸਾਲ ਹੋ ਗਿਆ ਹੈ। ਇਸ ਦੌਰਾਨ ਮਤਾ ਪਾਸ ਕਰਕੇ ਜਿਥੇ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ, ਉਥੇ ਹੀ ਹਰਿਆਣਾ ਪੰਜਾਬ ਵਿੱਚ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦਿੱਤੇ ਜਾਣ, ਝੋਨੇ ਦੀ ਖਰੀਦ ਸ਼ੁਰੂ ਕਰਨ, ਸਾਰੀਆਂ ਨਹਿਰਾਂ ਤੇ ਰਜਵਾਹਿਆਂ ’ਚ ਸਿੰਚਾਈ ਲਈ ਪਾਣੀ ਟੇਲਾਂ ਤੱਕ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸਰਦੂਲ ਸਿੰਘ ਉਪਲ ਕੋਟਲੀ, ਜਿੰਦਰ ਸਿੰਘ, ਗੁਰਦੀਪ ਸਿੰਘ, ਲਾਲ ਸਿੰਘ ਬੁਢੀਮੇੜੀ, ਸੁਖਦੇਵ ਸਿੰਘ ਕੱਕਾ, ਡਾ. ਗੁਰਚਰਨ ਸਿੰਘ, ਗੁਰਚਰਨ ਸਿੰਘ ਤਿਲੋਕੇਵਾਲਾ, ਮਾਲਕ ਸਿੰਘ ਕੰਗ, ਮਹਿੰਦਰ ਸਿੰਘ ਖਾਜਾਖੇੜਾ, ਜਗਦੇਵ ਸਿੰਘ ਮੱਟਦਾਦੂ ਤੇ ਬੀਬੀ ਗੁਰਦੇਵ ਕੌਰ, ਜੀ.ਐਸ ਮਾਨ ਨੇ ਸੰਬੋਧਨ ਕੀਤਾ। ਲੋਕ ਪੰਚਾਇਤ ਵਿੱਚ ਇਲਾਕੇ ਦੇ ਪਤਵੰਤੇ ਲੋਕ ਵੱਡੀ ਗਿਣਤੀ ’ਚ ਮੌਜੂਦ ਸਨ।