ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਹਰਿਆਣਾ ਕਲਾ ਪ੍ਰੀਸ਼ਦ ਅੰਬਾਲਾ ਮੰਡਲ ਦੇ ਵਧੀਕ ਨਿਰਦੇਸ਼ਕ ਨਗੇਂਦਰ ਸ਼ਰਮਾ ਨੇ ਕਿਹਾ ਹੈ ਕਿ ਭਾਰਤ ਜਿਹੀ ਅਨੋਖੀ ਸੰਸਕ੍ਰਿਤੀ ਕਿਸੇ ਦੇਸ਼ ਦੀ ਨਹੀਂ ਹੈ। ਜਿਸ ਦੇਸ਼ ਦੇ ਲੋਕ ਆਪਣੀ ਸੰਸਕ੍ਰਿਤੀ ਨੂੰ ਨਹੀਂ ਭੁੱਲਦੇ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਜਿਹੜੇ ਦੇਸ਼ ਆਪਣੀ ਸੰਸਕ੍ਰਿਤੀ ਭੁੱਲ ਗਏ ਹਨ, ਉਨ੍ਹਾਂ ਦਾ ਨਾਂ ਹੀ ਮਿਟ ਗਿਆ ਹੈ। ਇਸ ਲਈ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਉਹ ਸਰਕਾਰੀ ਸਕੂਲ ਕਮੋਦਾ ਵਿੱਚ ਹਰਿਆਣਾ ਕਲਾ ਪ੍ਰੀਸ਼ਦ ਅੰਬਾਲਾ ਵੱਲੋਂ ਕਰਵਾਈ 15 ਰੋਜ਼ਾ ਹਰਿਆਣਾ ਲੋਕ ਸੰਗੀਤ ਕਾਰਜਸ਼ਾਲਾ ਦੀ ਸਮਾਪਤੀ ਮੌਕੇ ਬਤੌਰ ਮੁੱਖ ਮਹਿਮਾਨ ਗੱਲ ਕਰ ਰਹੇ ਸਨ। ਇਸ ਮੌਕੇ ਛੋਟੀਆਂ-ਛੋਟੀਆਂ ਬੱਚੀਆਂ ਨੇ ਕਈ ਹਰਿਆਣਵੀ ਗੀਤ ਗਾ ਕੇ ਆਪਣੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਕਈ ਬੱਚੀਆਂ ਨੇ ਮੰਚ ਤੋਂ ਹਰਿਆਣਾ ਵਿੱਚ ਕੀਤੀ ਜਾਣ ਵਾਲੀ ਵਿਆਹ ਦੀ ਖੇੜਾ ਪੂਜਨ ਦੀ ਰਸਮ ਸਮੇਤ ਕਈ ਹੋਰ ਰੀਤੀ-ਰਿਵਾਜਾਂ ਨੂੰ ਬਾਖੂਬੀ ਢੰਗ ਨਾਲ ਵੱਖ-ਵੱਖ ਗੀਤਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਜਿਸਦੀ ਸਾਰਿਆਂ ਨੇ ਕਾਫ਼ੀ ਸ਼ਲਾਘਾ ਵੀ ਕੀਤੀ। ਮੰਚ ਸੰਚਾਲਨ ਕਰ ਰਹੀ ਅਧਿਆਪਕਾ ਸੁਮਨ ਚੌਧਰੀ ਨੇ ਧੋਤੀ ਨਾਲ ਸਬੰਧਤ ਹਾਸਰਸ ਕਵਿਤਾ ਰਾਹੀਂ ਸਰੋਤਿਆਂ ਦੇ ਢਿੱਡੀਂ ਪੀੜਾਂ ਪੁਆ ਦਿੱਤੀਆਂ। ਸਮਾਗਮ ਦੇ ਅਖੀਰ ਵਿੱਚ ਜੇਤੂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਯਸ਼ੋਧਾ ਕੁਮਾਰੀ, ਮੀਨੂੰ ਰਾਣੀ, ਸੀਮਾ ਤੇ ਸੰਗੀਤਕਾਰ ਸੁਰੇਸ਼ ਤੇ ਸੁਮਨ ਚੌਧਰੀ ਤੋਂ ਇਲਾਵਾ ਬੱਚੇ, ਮਾਪੇ ਤੇ ਅਧਿਆਪਕ ਮੌਜੂਦ ਸਨ।