ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਟਰਾਂਸਪੋਰਟ ਅਧਿਕਾਰੀ ਨੂੰ ਪਰਮਿਟ ਅਤੇ ਟੈਕਸ ਦੀ ਅਦਾਇਗੀ ਤੋਂ ਬਿਨਾਂ ਸੜਕਾਂ ’ਤੇ ਚੱਲਦੀਆਂ ਬੱਸਾਂ ਬੰਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਿੰਨਾ ਵੀ ਵੱਡਾ ਸਿਆਸੀ ਰਸੂਖ਼ ਵਾਲਾ ਟਰਾਂਸਪੋਰਟਰ ਹੋਵੇ, ਬੇਖ਼ੌਫ਼ ਕਾਰਵਾਈ ਕੀਤੀ ਜਾਵੇ।
ਇੱਥੇ ਲੇਕ ਗੈਸਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਬਠਿੰਡਾ ਬੱਸ ਸਟੈਂਡ ਦੀ ਹਫ਼ਤੇ ਅੰਦਰ-ਅੰਦਰ ਦਿੱਖ ਬਦਲਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਰਾਜ ਦੇ ਬੱਸ ਅੱਡਿਆਂ ’ਚੋਂ ਨਾਜਾਇਜ਼ ਕਬਜ਼ੇ ਖਤਮ ਕਰਕੇ ਸਾਫ਼-ਸਫ਼ਾਈ ਵਾਲਾ ਚੰਗਾ ਮਾਹੌਲ ਸਿਰਜਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਆਖਿਆ ਕਿ ਕੁਝ ਟਰਾਂਸਪੋਰਟਰ ਜਾਣ-ਬੁਝ ਕੇ ਟੈਕਸਾਂ ਦੀ ਅਦਾਇਗੀ ਨਹੀਂ ਕਰ ਰਹੇ, ਜਿਸ ਕਰਕੇ ਹੁਣ ਸਰਕਾਰ ਬਕਾਇਆ ਟੈਕਸ ਸਖ਼ਤੀ ਨਾਲ ਵਸੂਲੇਗੀ। ਉਨ੍ਹਾਂ ਕਿਹਾ ਕਿ ਟੈਕਸ ਨਾ ਭਰਨ ਵਾਲੇ ਟਰਾਂਸਪੋਰਟਰਾਂ ਦੀਆਂ ਬੱਸਾਂ ਬੰਦ ਕੀਤੀਆਂ ਜਾਣਗੀਆਂ ਅਤੇ ਵੱਡੇ-ਛੋਟੇ ਟਰਾਂਸਪੋਰਟਰਾਂ ਵਿਚਲਾ ਪਾੜਾ ਪੂਰਨ ਲਈ ਛੋਟੇ ਟਰਾਂਸਪੋਰਟਰਾਂ ਦੇ ਸੁਝਾਅ ਤੇ ਸ਼ਿਕਾਇਤਾਂ ਦੀ ਸੁਣਵਾਈ ਤਰਜੀਹੀ ਆਧਾਰ ’ਤੇ ਹੋਵੇਗੀ। ਉਨ੍ਹਾਂ ਬਗ਼ੈਰ ਪਰਮਿਟ ਜਾਂ ਇੱਕੋ ਪਰਮਿਟ ’ਤੇ ਦੌੜਦੀਆਂ ਕਈ-ਕਈ ਬੱਸਾਂ ਅਤੇ ਬੱਸ ਤੋਂ ਬੱਸ ਦਰਮਿਆਨ ਰਵਾਨਗੀ ਦੇ ਟਾਈਮ ਨੂੰ ਛੇਤੀ ਹੀ ਤਰਕਸੰਗਤ ਬਣਾਏ ਜਾਣ ਦੀ ਗੱਲ ਵੀ ਕਹੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਦਾ ਗੈਸਟ ਹਾਊਸ ਵਿੱਚ ਪਹੁੰਚਣ ’ਤੇ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਅਤੇ ਖੇਤਰੀ ਟਰਾਂਸਪੋਰਟ ਅਫ਼ਸਰ ਬਠਿੰਡਾ ਨੇ ਸਵਾਗਤ ਕੀਤਾ।
ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਤੇ ਖੇਤਰੀ ਟਰਾਂਸਪੋਰਟ ਅਫ਼ਸਰ ਬਠਿੰਡਾ ਹਰਜੋਤ ਕੌਰ, ਪੀਆਰਟੀਸੀ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਬਠਿੰਡਾ ਦਿਹਾਤੀ ਦੇ ਕਾਂਗਰਸ ਦੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਅਤੇ ਕਾਂਗਰਸੀ ਆਗੂ ਮੋਹਨ ਲਾਲ ਝੂੰਬਾ ਹਾਜ਼ਰ ਸਨ। ਇਸੇ ਦੌਰਾਨ ਇੰਜ. ਬਲਰਾਜ ਸਿੰਘ ਬਰਾੜ, ਵਿਅੰਗਕਾਰ ਕੁਲਦੀਪ ਮਾਣੂੰਕੇ ਅਤੇ ਰੋਹਿਤ ਕੁਮਾਰ ਨੇ ਰਾਜਾ ਵੜਿੰਗ ਦਾ ਸਵਾਗਤ ਕੀਤਾ।