ਜੇਬੀ ਸੇਖੋਂ
ਗੜ੍ਹਸ਼ੰਕਰ, 24 ਅਗਸਤ
ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫ਼ਤਰ ਵੱਲੋਂ ਮਨਰੇਗਾ ਸਕੀਮ ਅਧੀਨ ਵੱਖ-ਵੱਖ ਪਿੰਡਾਂ ਵਿਚ ਕੰਮ ਕਰਦੇ ਕਿਰਤੀਆਂ ਨੂੰ ਸਿਖਲਾਈ ਦੇਣ ਦੇ ਬਹਾਨੇ ਅੱਜ ਪ੍ਰਧਾਨ ਮੰਤਰੀ ਦੇ ਉਦਘਾਟਨੀ ਸਮਾਰੋਹ ਦੀ ‘ਰੌਣਕ’ ਵਧਾਉਣ ਲਈ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਰੇਗਾ ਵਰਕਰ ਮੁਹਾਲੀ ਵਿਚ ਉਦਘਾਟਨੀ ਸਮਾਰੋਹ ਵਿਚ ਪੁੱਜ ਕੇ ਹੱਕੇ ਬੱਕੇ ਰਹਿ ਗਏ।
ਇਨ੍ਹਾਂ ਵਰਕਰਾਂ ਨੇ ਫੋਨ ਕਰਕੇ ਦੱਸਿਆ ਕਿ ਬੀਡੀਪੀਓ ਦਫ਼ਤਰ ਵੱਲੋਂ ਉਨ੍ਹਾਂ ਨੂੰ ਮੁਹਾਲੀ ਵਿਚ ਮਨਰੇਗਾ ਸਕੀਮ ਦੀ ਜਾਣਕਾਰੀ ਅਤੇ ਕੰਮ ਦੀ ਸਿਖਲਾਈ ਲਈ ਅੱਜ ਸਵੇਰੇ ਅੱਠ ਵਜੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਰਹੀਆਂ ਸਰਕਾਰੀ ਬੱਸਾਂ ਵਿੱਚ ਸਵਾਰ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਮੇਟ ਅਤੇ ਮਨਰੇਗਾ ਵਰਕਰ ਆਪਣੇ ਕੰਮ ਛੱਡ ਕੇ ਬੱਸਾਂ ਵਿਚ ਸਵਾਰ ਹੋ ਗਏ ਪਰ ਮੁਹਾਲੀ ਪੁੱਜਣ ’ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਹੋਮੀ ਭਾਬਾ ਹਸਪਤਾਲ ਦੀ ਇਮਾਰਤ ਦੇ ਉਦਘਾਟਨੀ ਸਮਾਰੋਹ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੇ ਸਰਪੰਚ ਤੇ ਪੰਚ ਸਰਕਾਰੀ ਹੁਕਮਾਂ ਨੂੰ ਵਜਾਉਂਦਿਆਂ ਸਮਾਰੋਹ ਵਿਚ ਪੁੱਜੇ ਹੋਏ ਸਨ। ਉਧਰ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਦੇ ਮਨਰੇਗਾ ਵਰਕਰਾਂ ਨੂੰ ਇਸ ਸਮਾਰੋਹ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਤੋਂ ਸਰਕਾਰੀ ਰੋਡਵੇਜ਼ ਦੀਆਂ ਪੰਜ ਬੱਸਾਂ ਸਵੇਰੇ ਅੱਠ ਵਜੇ ਪਿੰਡ ਬੀਣੇਵਾਲ, ਸਤਨੌਰ, ਬੋੜਾ ਕਿੱਤਣਾ ਅਤੇ ਐਮਾਂ ਮੁਗਲਾਂ ਵਿੱਚ ਸਵੇਰੇ ਅੱਠ ਵਜੇ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ ਮੁਹਾਲੀ ਵਿਚ ਮਨਰੇਗਾ ਸਕੀਮ ਦੀ ਜਾਣਕਾਰੀ ਅਤੇ ਕੰਮ ਦੀ ਸਿਖਲਾਈ ਦੇਣ ਦੇ ਬਹਾਨੇ ਸਮਾਰੋਹ ਵਿਚ ਵੱਧ ਤੋਂ ਵੱਧ ਇਕੱਠ ਦਿਖਾਉਣ ਦੇ ਉਦੇਸ਼ ਨਾਲ ਭੇਜਿਆ ਗਿਆ। ਸਾਬਕਾ ਅਕਾਲੀ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਭਾਜਪਾ ਪਾਰਟੀ ਵਿਚਕਾਰ ਕੋਈ ਫ਼ਰਕ ਨਹੀਂ ਹੈ।
ਮਨਰੇਗਾ ਵਰਕਰਾਂ ਨੂੰ ਅਗਾਊਂ ਦੱਸਿਆ ਸੀ: ਬੀਡੀਪੀਓ
ਬੀਡੀਪੀਓ ਮਨਜਿੰਦਰ ਕੌਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਹੀ ਮਨਰੇਗਾ ਵਰਕਰਾਂ ਨੂੰ ਸਰਪੰਚਾਂ ਦੀ ਹਾਜ਼ਰੀ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਨੂੰ ਮੁਹਾਲੀ ਦੇ ਉਦਘਾਟਨੀ ਸਮਾਰੋਹ ਬਾਰੇ ਪਹਿਲਾਂ ਦੱਸਿਆ ਗਿਆ ਸੀ।