ਪੱਤਰ ਪ੍ਰੇਰਕ
ਬਨੂੜ, 21 ਸਤੰਬਰ
ਬਨੂੜ ਦੇ ਵਾਰਡ ਨੰਬਰ ਅੱਠ ਅਧੀਨ ਪੈਂਦੇ ਮਹਿਤਿਆ ਵਾਲੇ ਮੁਹੱਲੇ ਦੇ ਵਸਨੀਕ ਪਿਛਲੇ ਦੋ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਮੁਹੱਲੇ ਦੇ ਵਸਨੀਕਾਂ ਨੇ ਅੱਜ ਸੂਬਾ ਸਰਕਾਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਮੁਹੱਲਾ ਵਾਸੀ ਉਰਮਲਾ ਦੇਵੀ, ਮੁਕੇਸ਼ ਰਾਣੀ, ਸੀਮਾ ਰਾਣੀ, ਸੰਦੀਪ ਕੌਰ, ਰੀਆ, ਨੀਲਮ ਰਾਣੀ, ਸੁਨੀਤਾ ਰਾਣੀ, ਮਨੋਜ ਕੁਮਾਰ, ਮੋਹਿਤ ਕੁਮਾਰ, ਗੁਰਚਰਨ ਸਿੰਘ, ਜੀਵਨ ਕੁਮਾਰ, ਪੱਪੀ ਮਹਿਤਾ, ਸੁਰਿੰਦਰ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਦੇ ਮੁਹੱਲੇ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਮੁਹੱਲੇ ਦੇ ਵਸਨੀਕਾਂ ਵੱਲੋਂ ਇਸ ਮਾਮਲੇ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਹੈ ਪਰ ਕੋਈ ਅਸਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਪੀਣ ਲਈ ਪਾਣੀ ਬਾਹਰੋਂ ਢੋਹਣਾ ਪੈ ਰਿਹਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਦਖਲ ਦੀ ਮੰਗ ਕਰਦਿਆਂ ਪਾਣੀ ਦੀ ਸਪਲਾਈ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ।
ਟਿਊਬਵੈੱਲ ਖ਼ਰਾਬ ਹੋਣ ਕਾਰਨ ਆਈ ਦਿੱਕਤ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਵਾਰਡ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲਾ ਟਿਊਬਵੈਲ ਫੇਲ੍ਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਦੇ ਵਸਨੀਕਾਂ ਨੂੰ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਤੇ ਨਗਰ ਕੌਂਸਲ ਵੱਲੋਂ ਇਸ ਟਿਊਬਵੈੱਲ ਨੂੰ ਦੁਬਾਰਾ ਲਗਾਉਣ ਲਈ ਮਤਾ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਦੁਬਾਰਾ ਛੇਤੀ ਹੀ ਲਗਵਾ ਦਿੱਤਾ ਜਾਵੇਗਾ।