ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਸਤੰਬਰ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਭਾਈ ਰਜਿੰਦਰਪਾਲ ਸਿੰਘ ਖਾਲਸਾ ਦੇ ਜਥੇ ਨੇ ਸੰਗਤੀ ਰੂਪ ਵਿੱਚ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ।
ਬੀਬੀ ਰਵਿੰਦਰ ਕੌਰ ਪਟਿਆਲਾ ਅਤੇ ਭਾਈ ਪਲਵਿੰਦਰ ਸਿੰਘ ਬਾਬਾ ਬਕਾਲਾ ਵਾਲਿਆਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਭਾਈ ਬਲਵਿੰਦਰ ਸਿੰਘ ਅਤੇ ਭਾਈ ਗੁਰਦਾਸ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ। ਇਸ ਮੌਕੇ ਕਥਾਵਾਚਕ ਗਿਆਨੀ ਹਰਜੀਤ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਵਿਆਖਿਆ ਕਰਦਿਆਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੁੜਨ ਦਾ ਸੱਦਾ ਦਿੱਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਰਾਗੀ ਜਥੇ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ।