ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਫਰਵਰੀ
ਸਥਾਨਕ ਸ਼ਹਿਰ ’ਚ ਦਿੱਲੀ ਦੀਆਂ ਆਂਗੜਵਾੜੀ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰੋਸ ਮਾਰਚ ਕਰਦਿਆਂ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ ਅਤੇ ਕੇਜਰੀਵਾਲ ਦੇ ਦਾਅਵਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਤੋਂ ਪੰਜਾਬ ਪਹੁੰਚੀਆਂ ‘ਦਿੱਲੀ ਸਟੇਟ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ’ ਦੀਆਂ ਵਰਕਰਾਂ ਦੇ 20 ਮੈਂਬਰੀ ਜਥੇ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੀਆਂ ਸਾਰੀਆਂ ਵੋਟ ਬਟੋਰੂ ਪਾਰਟੀਆਂ ਤੋਂ ਸਾਵਧਾਨ ਰਹਿਣ ਅਤੇ ਖਾਸ ਤੌਰ ’ਤੇ ਨਕਾਬਪੋਸ਼ ਕੇਜਰੀਵਾਲ ਦੇ ਦਾਅਵਿਆਂ ਦੀ ਹਕੀਕਤ ਨੂੰ ਸਮਝਦਿਆਂ ਇਨ੍ਹਾਂ ਦਾ ਪੂਰਨ ਬਾਈਕਾਟ ਕਰਨ। ਸਥਾਨਕ ਬਨਾਸਰ ਬਾਗ ’ਚ ਮੀਟਿੰਗ ਕਰਨ ਮਗਰੋਂ ਆਂਗਣਵਾੜੀ ਵਰਕਰਾਂ ਦੇ ਜਥੇ ਨੇ ਸ਼ਹਿਰ ’ਚ ਲਾਲ ਬੱਤੀ ਚੌਂਕ, ਬੱਸ ਸਟੈਂਡ, ਧੂਰੀ ਗੇਟ, ਬਾਜ਼ਾਰ ਵਿੱਚ ਹੁੰਦੇ ਹੋਏ ਛੋਟਾ ਚੌਕ, ਵੱਡਾ ਚੌਕ, ਸਬਜ਼ੀ ਮੰਡੀ, ਭਗਤ ਸਿੰਘ ਚੌਕ ਅਤੇ ਮਾਨਸ਼ਾਹੀਆ ਕਲੋਨੀ ਵਿੱਚ ਦਿੱਲੀ ਦੀ ਸਰਕਾਰ ਚਲਾ ਰਹੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਭਾਂਡਾ ਫੋੜ ਅਭਿਆਨ ਚਲਾਇਆ। ਆਂਗਣਵਾੜੀ ਕਰਮੀਆਂ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਅਸਲੀਅਤ ਦੀ ਪੋਲ ਖੋਲ੍ਹੀ। ਆਂਗਣਵਾੜੀ ਵਰਕਰਾਂ ’ਚ ਸ਼ਾਮਲ ਗੀਤਾ, ਅਨੀਤਾ, ਰੂਪਾ, ਲਕਸ਼ਮੀ, ਸ਼ਾਰਦਾ ਜੈਨ, ਨੀਤੂ, ਕੰਚਨ ਤੇ ਈਸ਼ਵਰੀ ਦੇਵੀ ਨੇ ਦੋਸ਼ ਲਾਇਆ ਕਿ ਦਿੱਲੀ ’ਚ ਆਪਣੀਆਂ ਹੱਕੀ ਮੰਗਾਂ ਉੱਠਾ ਰਹੀਆਂ ਆਂਗਣਵਾੜੀ ਵਰਕਰਾਂ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਾੜਾ ਵਰਤਾਅ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ‘ਆਪ’ ਆਗੂ ਵੋਟਾਂ ਮੰਗਣ ਆਉਣ ਤਾਂ ਪੰਜਾਬ ਦੇ ਲੋਕ ਉਨ੍ਹਾਂ ਤੋਂ ਸਵਾਲ ਕਰਨ ਕਿ ਦਿੱਲੀ ਦੀਆਂ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਅਗਾਂਣਵਾੜੀ ਵਰਕਰਾਂ ਦੇ ਸੰਘਰਸ਼ ਦਾ ਸਮਰਥਨ ਕੀਤਾ।