ਚਰਨਜੀਤ ਭੁੱਲਰ
ਚੰਡੀਗੜ੍ਹ, 14 ਜਨਵਰੀ
ਬਠਿੰਡਾ ਸ਼ਹਿਰੀ ਪੰਜਾਬ ਦਾ ਅਜਿਹਾ ਇਕਲੌਤਾ ਵਿਧਾਨ ਸਭਾ ਹਲਕਾ ਹੈ ਜਿੱਥੋਂ ਦੇ ਲੋਕਾਂ ਨੂੰ ਦਸ-ਦਸ ਹਜ਼ਾਰ ਦੇ ਚੈੱਕ ਐਨ ਚੋਣਾਂ ਤੋਂ ਪਹਿਲਾਂ ਮਿਲੇ ਹਨ| ਇਹ ਚੈੱਕ ਮਕਾਨਾਂ ਦੀ ਮੁਰੰਮਤ ਲਈ ਸੌਂਪੇ ਗਏ ਹਨ| ਬਠਿੰਡਾ ਸ਼ਹਿਰ ਦੇ ਕਰੀਬ 2600 ਲੋਕਾਂ ਨੂੰ ਇਕੱਲੇ ਨਵੰਬਰ-ਦਸੰਬਰ ਦੇ ਮਹੀਨੇ ’ਚ ਹੀ 10-10 ਹਜ਼ਾਰ ਦੇ ਚੈੱਕ ਦਿੱਤੇ ਗਏ ਹਨ|
ਛੋਟੀਆਂ ਬੱਚਤਾਂ ਫ਼ੰਡਾਂ ’ਚੋਂ ਬਠਿੰਡਾ ਸ਼ਹਿਰੀ ਹਲਕੇ ਨੂੰ 2021-22 ਦੌਰਾਨ 13.80 ਕਰੋੜ ਰੁਪਏ ਪ੍ਰਾਪਤ ਹੋਏ ਸਨ| ਵੇਰਵਿਆਂ ਅਨੁਸਾਰ ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਤੋਂ ਇਲਾਵਾ ਬਿਮਾਰੀ ਦੇ ਇਲਾਜ ਲਈ ਅਤੇ ਬੱਚਿਆਂ ਦੀ ਫ਼ੀਸ ਆਦਿ ਲਈ ਵੀ ਚੈੱਕ ਦਿੱਤੇ ਗਏ ਹਨ| ਮੋਟੇ ਅੰਦਾਜ਼ੇ ਅਨੁਸਾਰ ਕਰੀਬ ਚਾਰ ਕਰੋੜ ਦੇ ਫ਼ੰਡ ਵਿੱਤੀ ਮਦਦ ਲਈ ਲੋਕਾਂ ਨੂੰ ਦਿੱਤੇ ਗਏ ਹਨ| ਇਨ੍ਹਾਂ ਵਿਚ 35-35 ਅਤੇ ਪੰਜਾਹ-ਪੰਜਾਹ ਹਜ਼ਾਰ ਦੇ ਚੈੱਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਮਕਾਨ ਮੁਰੰਮਤ ਲਈ ਰਾਸ਼ੀ ਮਿਲੀ ਹੈ, ਉਨ੍ਹਾਂ ਨੇ ਘਰਾਂ ਵਿਚ ਤਰੇੜਾਂ ਆਉਣ ਜਾਂ ਛੱਤਾਂ ਕਮਜ਼ੋਰ ਹੋਣ ਦਾ ਤਰਕ ਦਿੱਤਾ ਹੈ| ਜਾਣਕਾਰੀ ਅਨੁਸਾਰ ਛੋਟੀਆਂ ਬੱਚਤਾਂ ਵਿਭਾਗ ’ਚੋਂ ਵਿੱਤ ਮੰਤਰੀ ਨੂੰ ਪੰਜ ਵਰ੍ਹਿਆਂ ਲਈ 54 ਕਰੋੜ ਦੇ ਫ਼ੰਡ ਮਿਲੇ ਸਨ ਜਿਨ੍ਹਾਂ ’ਚੋਂ ਵਿੱਤ ਮੰਤਰੀ ਪੰਜਾਹ ਫ਼ੀਸਦੀ ਫ਼ੰਡ ਆਪਣੇ ਹਲਕੇ ਵਿਚ ਖ਼ਰਚ ਕਰ ਸਕਦੇ ਹਨ| ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰੀ ਹਲਕੇ ਵਿਚ ਹੁਣ ਤੱਕ ਛੋਟੀਆਂ ਬੱਚਤਾਂ ਦੇ ਫ਼ੰਡਾਂ ਚੋਂ 26.95 ਕਰੋੜ ਰੁਪਏ ਖ਼ਰਚ ਦਿੱਤੇ ਹਨ|
ਜਦੋਂ ਮਈ 2019 ਵਿੱਚ ਲੋਕ ਸਭਾ ਚੋਣਾਂ ਦਾ ਵੇਲਾ ਸੀ ਤਾਂ ਉਸ ਵਿੱਤੀ ਵਰ੍ਹੇ ਵਿਚ ਬਠਿੰਡਾ ਹਲਕੇ ਨੂੰ ਛੋਟੀਆਂ ਬੱਚਤਾਂ ਫ਼ੰਡਾਂ ਚੋਂ 7.60 ਕਰੋੜ ਰੁਪਏ ਮਿਲੇ ਸਨ ਜਦੋਂ ਕਿ ਹੁਣ ਵਿਧਾਨ ਸਭਾ ਚੋਣਾਂ ਵਾਲੇ ਵਰ੍ਹੇ ਵਿਚ ਇਹ ਫ਼ੰਡ 13.80 ਕਰੋੜ ਰੁਪਏ ਮਿਲੇ ਹਨ| ਵਿਭਾਗ ਵੱਲੋਂ 5 ਜਨਵਰੀ ਤੱਕ ਮਕਾਨ ਮੁਰੰਮਤ ਲਈ ਚੈੱਕ ਕੱਟੇ ਗਏ ਹਨ|
ਚੋਣ ਜ਼ਾਬਤਾ ਲੱਗਣ ਮਗਰੋਂ ਛੋਟੀਆਂ ਬੱਚਤਾਂ ਵਿਭਾਗ ਨੇ ਆਪਣੇ ਬੈਂਕ ਖਾਤੇ ਫਰੀਜ਼ ਕਰਾ ਦਿੱਤੇ ਹਨ| ਪਤਾ ਲੱਗਾ ਹੈ ਕਿ ਕਰੀਬ ਤਿੰਨ ਸੌ ਚੈੱਕ ਤਾਂ ਖਾਤੇ ਫਰੀਜ਼ ਹੋਣ ਕਰਕੇ ਅੱਧ ਵਿਚਕਾਰੇ ਫਸ ਗਏ ਹਨ| ਬਠਿੰਡਾ ਹਲਕੇ ਵਿਚ ਜੋ ਬਾਕੀ ਫ਼ੰਡ ਵਰਤੇ ਗਏ ਹਨ, ਉਨ੍ਹਾਂ ’ਚੋਂ ਬਹੁਤੇ ਫ਼ੰਡ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਵੰਡੇ ਗਏ ਹਨ|
ਚੋਣ ਕਮਿਸ਼ਨ ਤੋਂ ਸਲਾਹ ਲੈ ਰਹੇ ਹਾਂ: ਡੀਸੀ
ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਇੱਕ ਚੈੱਕ ਬਾਰੇ ਸ਼ਿਕਾਇਤ ਪ੍ਰਾਪਤ ਹੋਈ ਸੀ ਪ੍ਰੰਤੂ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਭ ਚੈੱਕ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਜਾਰੀ ਕੀਤੇ ਹੋਏ ਸਨ| ਉਨ੍ਹਾਂ ਨੇ ਫਿਰ ਵੀ ਬੈਂਕ ਖਾਤੇ ਫਰੀਜ਼ ਕਰਾ ਦਿੱਤੇ ਹਨ ਅਤੇ ਇਸ ਬਾਰੇ ਚੋਣ ਕਮਿਸ਼ਨ ਤੋਂ ਸਲਾਹ ਲਈ ਜਾ ਰਹੀ ਹੈ|