ਸ਼ਗਨ ਕਟਾਰੀਆ
ਬਠਿੰਡਾ, 26 ਮਈ
ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਨਾਲ ਸਬੰਧਤ ਬਿਜਲੀ ਕਾਮਿਆਂ ਨੇ ਅੱਜ ਇੱਥੇ ਪਾਵਰਕੌਮ ਐਂਡ ਟ੍ਰਾਂਸਕੋ (ਪੱਛਮੀ ਜ਼ੋਨ) ਦੇ ਮੁੱਖ ਇੰਜੀਨੀਅਰ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੇ ਸਬੰਧ ’ਚ ਰੋਸ ਧਰਨਾ ਦਿੱਤਾ। ਉਨ੍ਹਾਂ ਠੇਕਾ ਕਾਮਿਆਂ ਨੂੰ ਪੱਕੇ ਕਰਨ ਅਤੇ ਹੋਰ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ। ਮੰਗਾਂ ਨਾ ਮੰਨਣ ਦੀ ਹਾਲਤ ’ਚ ਵੱਖ-ਵੱਖ ਵਿਭਾਗਾਂ ਦੇ ਠੇਕਾ ਕਾਮਿਆਂ ਵੱਲੋਂ 15 ਮਈ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੇ ਘਰ ਅੱਗੇ ਪਰਿਵਾਰਾਂ ਸਮੇਤ ਧਰਨਾ ਦੇਣ ਅਤੇ ਉਸ ਤੋਂ ਪਹਿਲਾਂ ਪਿੰਡਾਂ, ਸ਼ਹਿਰਾਂ ’ਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਅਤੇ ਜਰਨਲ ਸਕੱਤਰ ਖ਼ੁਸ਼ਦੀਪ ਸਿੰਘ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਦਾ ਮਹਿਜ਼ ਸਾਢੇ ਅੱਠ ਹਜ਼ਾਰ ਤਨਖਾਹ ਨਾਲ ਕੁਝ ਨਹੀਂ ਬਣਦਾ ਕਿਉਂ ਕਿ ਅੱਧੀ ਤਨਖਾਹ ਤਾਂ ਕੰਮ ’ਤੇ ਆਉਂਦੇ-ਜਾਂਦਿਆਂ ਪੈਟਰੋਲ ’ਤੇ ਹੀ ਖ਼ਰਚ ਹੋ ਜਾਂਦੀ ਹੈ। ਕਮੇਟੀ ਆਗੂ ਕਰਮਜੀਤ ਸਿੰਘ ਤੇ ਇਕਬਾਲ ਸਿੰਘ ਨੇ ਪਾਵਰਕਾਮ ’ਤੇ ਦੋਸ਼ ਲਾਇਆ ਕਿ ਠੇਕਾ ਕਾਮਿਆਂ ਤੋਂ ਬਗ਼ੈਰ ਕਿਸੇ ਸਿਖਲਾਈ ਤੋਂ ਜੋਖ਼ਮ ਭਰਿਆ ਕੰਮ ਲੈ ਰਿਹਾ ਹੈ ਅਤੇ ਕੰਮ ਦੀ ਜਾਣਕਾਰੀ ਨਾ ਹੋਣ ਕਰਕੇ ਕਦੇ ਵੀ ਕੋਈ ਕਰਮਚਾਰੀ ਮੌਤ ਦੇ ਮੂੰਹ ਪੈ ਸਕਦਾ ਹੈ। ਉਨ੍ਹਾਂ ਕਾਮਿਆਂ ਦੇ ਤਬਾਦਲੇ ਕਰਕੇ ਤੰਗ ਪ੍ਰੇਸ਼ਾਨ ਕਰਨ ਅਤੇ ਸਮਰੱਥਾ ਤੋਂ ਵੱਧ ਕੰਮ ਕਰਨ ਦਾ ਦੋਸ਼ ਵੀ ਲਾਇਆ।