ਲਾਸ ਏਂਜਲਸ, 13 ਫਰਵਰੀ
ਅਮਰੀਕਾ ਦੇ ਲਾਸ ਏਂਜਲਸ ਵਿਚ ਗਾਇਕ ਜਸਟਿਨ ਬੀਬਰ ਦੇ ਸੰਗੀਤ ਸਮਾਰੋਹ ਮਗਰੋਂ ਇਕ ਰੈਸਟੋਰੈਂਟ ਵਿਚ ਰੱਖੀ ਗਈ ਪਾਰਟੀ ਦੇ ਬਾਹਰ ਹੋਈ ਗੋਲੀਬਾਰੀ ’ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਲਾਸ ਏਂਜਲਸ ਪੁਲੀਸ ਵਿਭਾਗ ਦੇ ਅਧਿਕਾਰੀ ਲਿਜ਼ੈੱਥ ਲੋਮੇਲੀ ਨੇ ਦੱਸਿਆ ਕਿ ‘ਦਿ ਨਾਈਸ ਗਾਇ’ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਸ਼ਨਿਚਰਵਾਰ ਦੁਪਹਿਰ ਵੇਲੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਘਟਨਾ ਸਥਾਨ ’ਤੇ ਪਹੁੰਚੇ ਅਧਿਕਾਰੀਆਂ ਨੇ ਉੱਥੇ ਮਿਲੇ ਦੋ ਪੀੜਤਾਂ ਨੂੰ ਖ਼ੁਦ ਹਸਪਤਾਲ ਪਹੁੰਚਾਇਆ। ਚਾਰੋਂ ਪੀੜਤਾਂ ਦੀ ਹਾਲਤ ਸਥਿਰ ਹੈ। ਪੁਲੀਸ ਅਧਿਕਾਰੀਆਂ ਨੇ ਮੌਕੇ ਦੇ ਪ੍ਰਤੱਖਦਰਸ਼ੀਆਂ ਨੂੰ ਬੰਦੂਕਧਾਰੀਆਂ ਦੀ ਪਛਾਣ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਉਪਲਬਧ ਘਟਨਾ ਦੇ ਵੀਡੀਓ ਵਿਚ ਦਿਖ ਰਿਹਾ ਹੈ ਕਿ ਜਦੋਂ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ ਹੋਈ, ਉਸ ਵੇਲੇ ਰੈਪਰ ਕੋਡੈਕ ਬਲੈਕ ਲੋਕਾਂ ਦੇ ਇਕ ਸਮੂਹ ਨਾਲ ਤਸਵੀਰ ਖਿਚਵਾ ਰਿਹਾ ਸੀ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸੂਤਰਾਂ ਨੇ ‘ਐੱਨਬੀਸੀ ਨਿਊਜ਼’ ਨੂੰ ਦੱਸਿਆ ਕਿ ਬਲੈਕ ਉਰਫ਼ ਬਿੱਲ ਕੈਪਰੀ ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਵਿਚ ਸ਼ਾਮਲ ਹੈ। ਇਸ ਪ੍ਰੋਗਰਾਮ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਨੇ ਭਾਗ ਲਿਆ ਉਨ੍ਹਾਂ ’ਚ ਜੈੱਫ ਬੈਜ਼ੋਸ, ਉਸ ਦੀ ਮਹਿਲਾ ਦੋਸਤ ਲੌਰੇਨ ਸਾਂਚੇਜ਼, ਅਦਾਕਾਰ ਐਂਥਨੀ ਰਾਮੋਸ ਅਤੇ ਟੋਨੀ ਗੋਂਜ਼ਾਲੇਜ਼ ਸ਼ਾਮਲ ਸਨ। -ਏਪੀ