ਜਗਜੀਤ ਸਿੰਘ
ਮੁਕੇਰੀਆਂ, 29 ਜੁਲਾਈ
ਪਹਿਲੀ ਭਾਰੀ ਬਾਰਿਸ਼ ਨੇ ਨਗਰ ਕੌਂਸਲ ਵੱਲੋਂ ਨਿਕਾਸੀ ਨਾਲਿਆਂ ਦੀ ਸਫ਼ਾਈ ’ਤੇ ਖਰਚੇ ਲੱਖਾਂ ਰੁਪਏ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਵਾਰਡ ਨੰਬਰ 11 ਦੀ ਅਕਾਲੀ ਕੌਂਸਲਰ ਪੂਨਮ ਰੱਤੂ ਨੇ ਕੌਂਸਲ ਵੱਲੋਂ ਨਿਕਾਸੀ ਨਾਲਿਆਂ ਦੀ ਸਫ਼ਾਈ ’ਤੇ ਖਰਚੇ ਸਾਢੇ 5 ਲੱਖ ਅੰਦਰਖਾਤੇ ਖਪਾਉਣ ਦੇ ਦੋਸ਼ ਲਗਾਏ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਸਾਰੇ ਦੋਸ਼ ਨਕਾਰਦਿਆਂ ਸਫ਼ਾਈ ਦਾ ਕੰਮ ਹਾਲੇ ਚੱਲਦਾ ਹੋਣ ਦਾ ਦਾਅਵਾ ਕੀਤਾ ਹੈ।
ਕੌਂਸਲਰ ਪੂਨਮ ਰੱਤੂ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਇਸ ਵਾਰ ਸਾਢੇ 5 ਲੱਖ ਰੁਪਏ ਨਿਕਾਸੀ ਨਾਲਿਆਂ ਦੀ ਸਫਾਈ ਲਈ ਖਰਚੇ ਗਏ ਹਨ ਪਰ ਪਈ ਬਾਰਿਸ਼ ਕਾਰਨ ਜਿੱਥੇ ਨਾਲਿਆਂ ਵਿੱਚ ਫਸੀ ਗੰਦਗੀ ਕਾਰਨ ਪਾਣੀ ਓਵਰ ਫਲੋਅ ਗਿਆ, ਉਥੇ ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ। ਉਨ੍ਹਾਂ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਕੌਂਸਲ ਅਧਿਕਾਰੀ ਨੇ ਦੋਸ਼ ਨਕਾਰੇ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਕਮਲਜਿੰਦਰ ਸਿੰਘ ਨੇ ਅਕਾਲੀ ਕੌਂਸਲਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਆਨਲਾਈਨ ਟੈਂਡਰਾਂ ਰਾਹੀਂ ਦਿੱਤਾ ਗਿਆ ਹੈ ਅਤੇ ਹਾਲੇ ਸਫ਼ਾਈ ਦਾ ਕੰਮ ਚੱਲ ਰਿਹਾ ਹੈ।