ਪੱਤਰ ਪ੍ਰੇਰਕ
ਬੋਹਾ, 14 ਦਸੰਬਰ
ਸੇਵਾ ਕੇਂਦਰ ਬੋਹਾ ਦੀਆਂ ਨਾਕਸ ਸੇਵਾਵਾਂ ਤੇ ਦੁਖੀ ਲੋਕਾਂ ਵੱਲੋਂ ਅੱਜ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਕੇਂਦਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ ਧਰਨੇ ’ਚ ਸ਼ਾਮਲ ਲੋਕਾਂ ਨੇ ਕਿਹਾ ਕਿ ਉਹ ਸਵੇਰ ਪੰਜ ਵਜੇ ਹੀ ਆਪਣੇ ਲਾਭ ਪਾਤਰੀ ਕਾਰਡ ਬਣਵਾਉਣ ਲਈ ਲਾਈਨਾਂ ਵਿੱਚ ਲੱਗ ਜਾਂਦੇ ਹਨ ਪਰ ਟੋਕਣ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਕਈ ਦਿਨ ਵਾਰੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਲਾਭ ਪਾਤਰੀ ਕਾਰਡ ਬਣਾਉਣ ਆਏ ਲੋਕਾਂ ਨੂੰ ਸਾਰਾ ਦਿਨ ਕੇਂਦਰ ਵਿੱਚ ਬੈਠਣ ਤੋਂ ਬਾਅਦ ਸ਼ਾਮ ਨੂੰ ਮਾਯੂਸ ਹੋ ਕੇ ਵਾਪਸ ਘਰਾਂ ਨੂੰ ਮੁੜਣਾ ਪੈਂਦਾ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਪ੍ਰਧਾਨ ਮੱਖਣ ਸਿੰਘ ਉਡਤ ਸੈਦੇਵਾਲਾ, ਸੁਖਵਿੰਦਰ ਸਿੰਘ ਤੇ ਕਾਲਾ ਸਿੰਘ ਮੰਘਾਣੀਆ ਨੇ ਕਿਹਾ ਕਿ ਸੇਵਾ ਕੇਂਦਰਾਂ ’ਚ ਸਿਫਾਰਸ਼ੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੁੰਦੇ ਹਨ ਪਰ ਆਮ ਲੋਕਾ ਦੇ ਹਿੱਸੇ ਖਜ਼ਲ ਖੁਆਰੀ ਹੀ ਆਉਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੇਵਾ ਕੇਂਦਰ ਵੱਲੋਂ ਸਮੇਂ ਸਿਰ ਸੇਵਾਵਾਂ ਦੇਣ ਦੇ ਕਾਰਜ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਮਜ਼ਦੂਰ ਮੁਕਤੀ ਮੋਰਚਾ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗਾ। ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਕੰਮਪਿਊਟਰ ਅਪਰੇਟਰ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ’ਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਲੋਕਾਂ ਦੇ ਕੰਮਾਂ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਪੰਜ ਕਾਊਂਟਰਾਂ ਵਿੱਚੋਂ ਦੋ ’ਤੇ ਮੁਲਾਜ਼ਮ ਨਾ ਹੋਣ ਕਾਰਨ ਕਰਮਚਾਰੀਆਂ ’ਤੇ ਕੰਮ ਦਾ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦਾ ਬੰਦ ਹੋਣ ਦਾ ਸਮਾ ਸ਼ਾਮ ਪੰਜ ਵਜੇ ਹੋਣ ਦੇ ਬਾਵਜੂਦ ਸਾਰੇ ਕਰਮਚਾਰੀ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਮਕਸੱਦ ਨਾਲ ਸ਼ਾਮ ਛੇ ਵਜੇ ਤੱਕ ਡਿਊਟੀ ਕਰਦੇ ਹਨ।
ਭੱਤੇ ਕੱਟਣ ਦਾ ਵਿਰੋਧ
ਮਾਨਸਾ (ਪੱਤਰ ਪ੍ਰੇਰਕ) ਡੈਮੋਕਰੇਟਿਕ ਟੀਚਰਜ਼ ਫਰੰਟ ਮਾਨਸਾ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਦੋ ਵੱਡੇ ਮਾਰੂ ਫ਼ੈਸਲੇ ਕਰਦਿਆਂ, ਪੇਂਡੂ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਮਿਲਦਾ ਪੇਂਡੂ ਖੇਤਰ ਭੱਤਾ ਰੋਕਣ ਤੇ 31 ਦਸੰਬਰ 2015 ਤੋਂ ਬਾਅਦ ਸਿੱਧੀ ਭਰਤੀ ਮੁਲਾਜ਼ਮਾਂ ਨੂੰ ਪਰਖ ਸਮੇਂ ਦੌਰਾਨ ਮਿਲਣਯੋਗ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਸਾਰੇ ਲਾਭ ਖੋਹਣ, ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਤੇ ਜਨਰਲ ਸਕੱਤਰ ਅਮੋਲਕ ਡੇਲੂਆਣਾ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਝੰਡੇ ਹੇਠ 19 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ਹੋਣ ਜਾ ਰਹੀ ਸੂਬਾਈ ਰੈਲੀ ਦਾ ਵੱਧ ਚੜ੍ਹਕੇ ਹਿੱਸਾ ਬਣਨ ਦੀ ਅਪੀਲ ਕੀਤੀ ਹੈ।