ਰਮੇਸ ਭਾਰਦਵਾਜ
ਲਹਿਰਾਗਾਗਾ, 13 ਫਰਵਰੀ
ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਨਾਲ ਜਾਇਦਾਦ ਬਦਲਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਇਥੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਵੇਰਵਾ 1.16 ਕਰੋੜ ਰੁਪਏ ਦਾ ਦਿੱਤਾ ਸੀ ਪਰ ਅਰਵਿੰਦ ਕੇਜਰੀਵਾਲ ਨੇ ਝੂਠ ਬੋਲ ਕੇ ਇਸ ਨੂੰ 169 ਕਰੋੜ ਰੁਪਏ ਦੱਸ ਦਿੱਤਾ। ਇਥੇ ਅਨਾਜ ਮੰਡੀ ’ਚ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਦੀ ਅਗਲੀ ਸਰਕਾਰ ਵਿੱਚ ਬੀਬੀ ਭੱਠਲ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਭਾਜਪਾ ਤੇ ਕੇਜਰੀਵਾਲ ਨੂੰ ਕਾਲੇ ਅੰਗਰੇਜ਼ ਦੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਤਬਾਹ ਕਰਨ ’ਚ ਅਹਿਮ ਭੂਮਿਕਾ ਨਿਭਾਈ। ਉਸੇ ਵਾਂਗ ਭਗਵੰਤ ਮਾਨ ਸੂਬੇ ਨੂੰ ਤਬਾਹ ਕਰਨ ’ਚ ਮਹੱਤਵ ਪੂਰਨ ਰੋਲ ਨਿਭਾਏਗਾ। ਇਸ ਚੋਣ ਜਲਸੇ ’ਚ ਫਿਲਮ ਅਦਾਕਾਰ ਯੋਗਰਾਜ ਸਿੰਘ, ਦਿੜਬਾ ਤੋ ਕਾਂਗਰਸ ਦੇ ਉਮੀਦਵਾਰ ਅਜੈਬ ਸਿੰਘ ਰਾਟੌਲ, ਰਾਹੁਲਇੰਦਰ ਸਿੰਘ ਸਿੱਧੂ, ਰਵਿੰਦਰ ਸਿੰਘ ਟੂਰਨਾ ਤੇ ਰਵਿੰਦਰ ਰਿੰਕੂ ਨੇ ਸੰਬੋਧਨ ਕੀਤਾ।