ਮਨੀਲਾ, 24 ਜੁਲਾਈ
ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਕੀਤੇ ਹਮਲੇ ’ਚ ਫਿਲਪੀਨਜ਼ ਕਸਬੇ ਦੀ ਸਾਬਕਾ ਮੇਅਰ ਸਣੇ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਅਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀ ਕੋਲ ਦੋ ਪਿਸਤੌਲ ਸਨ ਅਤੇ ਗੋਲੀਬਾਰੀ ਮਗਰੋਂ ਉਸ ਨੂੰ ਉਪਨਗਰ ਕੁਐਜ਼ੋਨ ਸ਼ਹਿਰ ਵਿੱਚ ਅਟੈਨੀਓ ਡੀ ਮਨੀਲਾ ਯੂਨੀਵਰਸਿਟੀ ਦੇ ਗੇਟ ਨੇੜਿਓਂ ਫੜ ਲਿਆ ਗਿਆ। ਘਟਨਾ ਮਗਰੋਂ ਯੂਨੀਵਰਸਟੀ ਵਿੱਚ ਤਾਲਾਬੰਦੀ ਕਰ ਦਿੱਤੀ ਅਤੇ ਲਾਅ ਸਕੂਲ ਵਿੱਚ ਹੋਣ ਵਾਲਾ ਗਰੈਜੂਏਸ਼ਨ ਸਮਾਗਮ ਰੱਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਡਰ ਗੈਸਮੁੰਡੋ ਜਿਹੜੇ ਕਿ ਸਮਾਗਮ ਦੇ ਬੁਲਾਰੇ ਸਨ, ਹਮਲਾ ਹੋਣ ਸਮੇਂ ਰਸਤੇ ਵਿੱਚ ਸਨ ਅਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੱਖਣੀ ਬੈਸੀਲਨ ਸੂਬੇ ਦੇ ਲੈਮਿਟਨ ਸ਼ਹਿਰ ਦੀ ਸਾਬਕਾ ਮੇਅਰ ਰੋਸੀਟਾ ਫੁਰੀਗੇ, ਉਸ ਦਾ ਸਾਥੀ ਅਤੇ ਯੂਨੀਵਰਸਿਟੀ ਦਾ ਗਾਰਡ ਸ਼ਾਮਲ ਹਨ। ਘਟਨਾ ਵਿੱਚ ਫੁਰੀਗੇ ਦੀ ਬੇਟੀ ਜ਼ਖ਼ਮੀ ਹੋਈ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ। ਜਾਂਚਕਰਤਾਵਾਂ ਵੱਲੋਂ ਹਮਲੇ ਪਿੱਛੇ ਉਦੇਸ਼ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਐਜ਼ੋਨ ਸਿਟੀ ਦੀ ਮੇਅਰ ਜੌਏ ਬੈਨਮੌਂਟੇ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ, ‘‘ਅਜਿਹੀਆਂ ਘਟਨਾਵਾਂ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ।’’ -ਏਪੀ