ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਪਰੈਲ
ਵਿਧਾਨ ਸਭਾ ਚੋਣਾਂ ਦੌਰਾਨ ਥਾਣਾ ਸਦਰ ਅਧੀਨ ਪਿੰਡ ਦਾਰਾਪੁਰ ਦੇ ਸਰਪੰਚ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪਰਮਿਲਾ ਪਿੰਡ ਦਾਰਾਪੁਰ ਵਿੱਚ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਡੀਐੱਸਪੀ ਸਿਟੀ ਜਸ਼ਨਦੀਪ ਸਿੰਘ, ਪਿੰਡ ਦਾ ਸਰਪੰਚ ਜਰਨੈਲ ਸਿੰਘ, ਧਰਮਪਾਲ ਸਿੰਘ ਐਡਵੋਕੇਟ ਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
ਇਸ ਮੌਕੇ ਮੈਂਬਰ ਪਰਮਿਲਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਮਾਣਹਾਨੀ ਬਰਦਾਸ਼ਤ ਨਹੀਂ ਹੋਵੇਗੀ। ਸਰਪੰਚ ਜਰਨੈਲ ਸਿੰਘ ਨੇ ਆਪਣੇ ਹੀ ਪਿੰਡ ਦੇ ਵਿਅਕਤੀ ਹਰਜੀਤ ਸਿੰਘ ਖ਼ਿਲਾਫ਼ ਦੋਸ਼ ਲਗਾਇਆ ਹੈ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਦੇ ਘਰ ਵੜ ਕੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ ਹਨ। ਪਰਮਿਲਾ ਨੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡੀਐੱਸਪੀ ਸਿਟੀ ਜ਼ਸ਼ਨਦੀਪ ਸਿੰਘ ਨੂੰ ਤੱਥਾਂ ਦੀ ਪੜਤਾਲ ਕਰਕੇ ਇੱਕ ਹਫ਼ਤੇ ਦੇ ਵਿੱਚ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਭੇਜਣ ਦੀ ਹਦਾਇਤ ਜਾਰੀ ਕੀਤੀ ਹੈ।