ਸੁਰਜੀਤ ਸਿੰਘ ਸ਼ਹਿਣਾ
ਬਲਵੰਤ ਗਾਰਗੀ ਪੰਜਾਬੀ ਦੇ ਮੋਹਰੀ ਕਤਾਰ ਦੇ ਲਿਖਾਰੀਆਂ ਵਿਚੋਂ ਇੱਕ ਹੈ। ਉਨ੍ਹਾਂ ਦੇ ਨਾਟਕ ਅਤੇ ਰੇਖਾ ਚਿੱਤਰ ਉੱਤਮ ਦਰਜੇ ਦੀਆਂ ਸਾਹਿਤਕ ਰਚਨਾਵਾਂ ਹਨ। ਜਦੋਂ ਕਦੇ ਵੀ ਬਲਵੰਤ ਗਾਰਗੀ ਦੀ ਗੱਲ ਚਲਦੀ ਹੈ ਤਾਂ ਮੈਂ ਹੁੱਬ ਕੇ ਦੱਸਦਾ ਹਾਂ ਕਿ ਉਸ ਦਾ ਜਨਮ ਮੇਰੇ ਪਿੰਡ ਸ਼ਹਿਣਾ ਵਿਚ ਹੋਇਆ ਸੀ। ਦਰਅਸਲ ਗਾਰਗੀ ਦੇ ਪਿਤਾ ਸ਼ਹਿਣੇ ਨਹਿਰੀ ਕੋਠੀ (ਵਿਸ਼ਰਾਮ ਘਰ) ਵਿਚ ਤਾਰ ਬਾਬੂ ਸਨ।
ਜਿਸ ਕਮਰੇ ਵਿਚ ਗਾਰਗੀ ਦਾ ਜਨਮ ਹੋਇਆ, ਉਸ ਤੋਂ ਦੋ-ਢਾਈ ਸੌ ਗਜ਼ ਦੂਰੀ ’ਤੇ ਬਣੇ ਦੋ ਕਮਰਿਆਂ ਦੇ ਸਕੂਲ ਵਿਚ ਮੈਂ ਚੌਥੀ ਅਤੇ ਪੰਜਵੀਂ ਜਮਾਤ ਪਾਸ ਕੀਤੀ ਹੈ ਪਰ ਸਾਨੂੰ ਇਲਮ ਨਹੀਂ ਸੀ ਕਿ ਗਾਰਗੀ ਦਾ ਜਨਮ ਇੱਥੇ ਹੋਇਆ। ਹਾਲਾਂਕਿ ਗਾਰਗੀ ਦੇ ਜਨਮ ਵਾਲੇ ਕਮਰੇ ਦੇ ਨੇੜਲੇ ਕੁਆਰਟਰਾਂ ਵਿਚ ਅਸੀਂ ਕਈ ਵਾਰ ਗਏ ਕਿਉਂਕਿ ਸਾਡੇ ਜਮਾਤੀ ਦੋ ਭਰਾ ਉਥੇ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਜੀ ਉਥੇ ਮਾਲੀ ਦੀ ਨੌਕਰੀ ਕਰਦੇ ਸਨ।
ਕਾਲਜ ਪੜ੍ਹਦਿਆਂ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਵਿਚ ਬਲਵੰਤ ਗਾਰਗੀ ਦੇ ਰੇਖਾ ਚਿੱਤਰ ਪੜ੍ਹੇ ਤਾਂ ਉਹ ਇੰਨੇ ਦਿਲਚਸਪ ਲੱਗੇ ਕਿ ਅਸੀਂ ਉਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ ਜਿਨ੍ਹਾਂ ਲੇਖਕਾਂ ਦੇ ਉਨ੍ਹਾਂ ਰੇਖਾ ਚਿੱਤਰ ਲਿਖੇ ਸਨ ਪਰ ਉਦੋਂ ਤੱਕ ਵੀ ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਵੱਡੇ ਲਿਖਾਰੀ ਦਾ ਜਨਮ ਮੇਰੇ ਪਿੰਡ ਹੋਇਆ ਹੈ।
ਜਦੋਂ ਇਸ ਬਾਰੇ ਪਤਾ ਲੱਗਾ, ਉਦੋਂ ਤੱਕ ਮੈਂ ਰਿਹਾਇਸ਼ ਬਰਨਾਲਾ ਕਰ ਲਈ ਸੀ। ਮਨ ਨੂੰ ਬੜੀ ਖੁਸ਼ੀ ਹੋਈ ਕਿ ਜਿੱਥੇ ਬਚਪਨ ਵਿਚ ਖੇਡੇ, ਉੱਥੇ ਗਾਰਗੀ ਜੀ ਪੈਦਾ ਹੋਏ ਸਨ ਪਰ ਜ਼ਿੰਦਗੀ ਦੀ ਮਸਰੂਫ਼ੀਅਤ ਕਰਕੇ ਮੈਂ ਕਦੇ ਉਹ ਕਮਰਾ ਨਾ ਦੇਖ ਸਕਿਆ ਜਿੱਥੇ ਗਾਰਗੀ ਦਾ ਜਨਮ ਹੋਇਆ ਸੀ ਹਾਲਾਂਕਿ ਬਰਨਾਲਾ ਰਹਿੰਦਿਆਂ ਵੀ ਦੁੱਖ-ਸੁੱਖ ਤੋਂ ਇਲਾਵਾ ਮਹੀਨੇ ਵਿਚ ਇਕ-ਦੋ ਵਾਰ ਪਿੰਡ ਦਾ ਗੇੜਾ ਲੱਗਦਾ ਰਹਿੰਦਾ ਸੀ। ਉਸ ਸਮੇਂ ਮੇਰੇ ਮਾਤਾ-ਪਿਤਾ ਅਤੇ ਤਿੰਨ ਵੱਡੇ ਭਰਾ ਪਰਿਵਾਰ ਸਮੇਤ ਪਿੰਡ ਹੀ ਰਹਿੰਦੇ ਸਨ। ਉਪਰੋਂ ਬਰਨਾਲਾ ਵਿਚ ਮੇਰੀ ਰਿਹਾਇਸ਼ ਪਿੰਡ ਤੋਂ 16-17 ਕਿਲੋਮੀਟਰ ਦੂਰ ਸੀ ਜਦੋਂ ਕਿ ਜਿਸ ਸਰਕਾਰੀ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ) ਚੀਮਾ-ਜੋਧਪੁਰ ਵਿਚ 31 ਸਾਲ ਡੀਪੀਈ ਵਜੋਂ ਸੇਵਾਵਾਂ ਨਿਭਾਈਆਂ, ਉਹ ਪਿੰਡ ਤੋਂ 7-8 ਕਿਲੋਮੀਟਰ ਦੂਰ ਸੀ।
ਨੌਕਰੀ ਤੋਂ ਰਿਟਾਇਰ ਹੋ ਕੇ ਕੁਝ ਸਾਲ ਮੈਂ ਆਪਣੇ ਪੁੱਤਰ ਕੋਲ ਚੰਡੀਗੜ੍ਹ ਰਿਹਾ ਅਤੇ ਫਿਰ ਅਮਰੀਕਾ ਆਪਣੀ ਧੀ ਕੋਲ ਆ ਗਿਆ। ਇੱਕ ਦਿਨ ਪੁੱਤਰ ਦਾ ਫੋਨ ਆਇਆ ਕਿ ਪ੍ਰਿੰਸੀਪਲ ਸਰਵਣ ਸਿੰਘ, ਨਿੰਦਰ ਘੁਗਿਆਣਵੀ ਅਤੇ ਉਹ ਬਠਿੰਡੇ ਕਿਸੇ ਸਮਾਗਮ ’ਤੇ ਗਏ ਸੀ ਅਤੇ ਵਾਪਸੀ ’ਤੇ ਉਨ੍ਹਾਂ ਪਿੰਡ ਸ਼ਹਿਣੇ ਰਾਤ ਕੱਟੀ। ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਗਾਰਗੀ ਦਾ ਜਨਮ ਸਥਾਨ ਦੇਖਿਆ ਜਿੱਥੇ ਖਿੱਚੀਆਂ ਫੋਟੋਆਂ ਵੀ ਭੇਜੀਆਂ। ਪ੍ਰਿੰਸੀਪਲ ਸਰਵਣ ਸਿੰਘ ਨੇ ਫੇਸਬੁੱਕ ’ਤੇ ਪੋਸਟ ਵੀ ਪਾਈ।
ਜਦੋਂ ਮੈਂ ਉਹ ਪੋਸਟ ਪੜ੍ਹੀ ਤਾਂ ਮਨ ਬਹੁਤ ਭਾਵੁਕ ਹੋਇਆ ਕਿ ਇੰਨਾ ਵੱਡਾ ਲਿਖਾਰੀ ਉਚੇਚ ਨਾਲ ਗਾਰਗੀ ਜੀ ਦਾ ਜਨਮ ਸਥਾਨ ਦੇਖਣ ਗਿਆ, ਤੇ ਮੈਂ ਸ਼ਹਿਣੇ ਦਾ ਬਾਸ਼ਿੰਦਾ ਹੁੰਦਾ ਹੋਇਆ ਵੀ ਉਸ ਕਮਰੇ ਦੇ ਦਰਸ਼ਨ ਨਹੀਂ ਕੀਤੇ ਹਾਲਾਂਕਿ ਮੇਰੀ ਜ਼ਿੰਦਗੀ ਦੇ ਪਹਿਲੇ ਤੀਹ ਸਾਲ ਪਿੰਡ ਹੀ ਬਤੀਤ ਹੋਏ ਸਨ। ਬੱਸ, ਉਸੇ ਵੇਲੇ ਪੱਕਾ ਮਨ ਬਣਾ ਲਿਆ ਕਿ ਜਦੋਂ ਵੀ ਭਾਰਤ ਗੇੜਾ ਲੱਗਿਆ, ਗਾਰਗੀ ਜੀ ਦੇ ਜਨਮ ਸਥਾਨ ਅਤੇ ਬਚਪਨ ਵਾਲੇ ਪ੍ਰਾਇਮਰੀ ਸਕੂਲ ਦੇ ਦਰਸ਼ਨ ਜ਼ਰੂਰ ਕਰਨੇ ਹਨ।
ਕਰੋਨਾ ਕਾਰਨ ਇਹ ਗੇੜਾ ਵੀ ਤਿੰਨ ਸਾਲ ਬਾਅਦ ਲੱਗਿਆ। ਆਖਿ਼ਰ ਇਕ ਦਿਨ ਸਬਬ ਬਣ ਗਿਆ, ਮੈਂ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਦੋਵੇਂ ਪੋਤੀਆਂ ਨਾਲ ਪਿੰਡ ਗਿਆ। ਪਹਿਲਾਂ ਅਸੀਂ ਸਕੂਲ ਗਏ। ਪੁਰਾਣੇ ਕਮਰਿਆਂ ਦੀ ਥਾਂ ਕਮਰੇ ਤਾਂ ਭਾਵੇਂ ਨਵੇਂ ਬਣੇ ਸਨ ਪਰ ਇਹ ਬਰਾਂਚ ਹੁਣ ਬੰਦ ਹੋ ਚੁੱਕੀ ਸੀ। ਵਿਹੜਾ ਜਿੱਥੇ ਕਿਸੇ ਵੇਲੇ ਪੂਰੀ ਰੌਣਕ ਹੁੰਦੀ ਸੀ, ਉਸ ਵਿਚ ਮੱਝ ਬੱਝੀ ਹੋਈ ਸੀ ਤੇ ਉੱਥੇ ਪਿੰਡ ਦਾ ਹੀ ਕੋਈ ਸ਼ਖ਼ਸ ਰਹਿ ਰਿਹਾ ਸੀ।
ਨਹਿਰ ਦੀ ਕੋਠੀ ਬਿਲਕੁਲ ਨਜ਼ਦੀਕ ਸੀ ਪਰ ਉਸ ਨੂੰ ਰਸਤਾ ਨਹਿਰ ਦੀ ਪਟੜੀ ਉੱਪਰ ਦੀ ਸੀ। ਨਹਿਰ ਵਾਲੀ ਕੋਠੀ ਪਹੁੰਚੇ ਤਾਂ ਵੀਰਾਨ ਵਿਸ਼ਰਾਮ ਘਰ ਜਿੱਥੇ ਹੁਣ ਕੋਈ ਵੀ ਦਫ਼ਤਰ ਨਹੀਂ, ਸਭ ਤਬਦੀਲ ਹੋ ਚੁੱਕੇ ਹਨ। ਇਹ ਦੇਖ ਕੇ ਉਹ ਦਿਨ ਚੇਤੇ ਆਏ ਜਦੋਂ ਬਚਪਨ ਵਿਚ ਇੱਥੇ ਨਹਿਰ ’ਤੇ ਨਹਾਉਣ ਆਉਂਦੇ ਸੀ ਤਾਂ ਇਹ ਵਿਸ਼ਰਾਮ ਘਰ ਕਿੰਨਾ ਸ਼ਾਨਦਾਰ ਹੁੰਦਾ ਸੀ। ਨਹਿਰ ਦੇ ਹਲਟ ਰਾਹੀਂ ਸਿੰਜੀਆਂ ਕਿਆਰੀਆਂ ਵਿਚ ਕਿੰਨੀ ਹੀ ਕਿਸਮ ਦੇ ਫੁੱਲ ਹੁੰਦੇ ਸਨ। ਹੁਣ ਤਾਂ ਹਲਟ ਵੀ ਨਕਾਰਾ ਪਿਆ ਸੀ।
ਫਿਰ ਅਸੀਂ ਗਾਰਗੀ ਜੀ ਦੇ ਜਨਮ ਵਾਲੇ ਕਮਰੇ ਗਏ। ਉਹ ਗੋਲ ਛੱਤ ਅਤੇ ਡਾਟਦਾਰ ਕਮਰਾ ਖੰਡਰ ਰੂਪ ਵਿਚ ਦੇਖ ਕੇ ਮਨ ਬਹੁਤ ਦੁਖੀ ਹੋਇਆ। ਮੇਰੇ ਮਨ ਵਿਚ ਦੋ ਦ੍ਰਿਸ਼ ਉੱਭਰੇ, ਇਕ ਤਾਂ ਇਹ ਸੁੰਨਸਾਨ ਕਮਰਾ ਅਤੇ ਦੂਜਾ ਇੰਗਲੈਂਡ ਵਿਚ ਵਿਲੀਅਮ ਸ਼ੇਕਸਪੀਅਰ ਦਾ ਜਨਮ ਸਥਾਨ ਜਿਸ ਨੂੰ ਮਿਊਜ਼ੀਅਮ ਦੇ ਰੂਪ ਵਿਚ ਸਾਂਭਿਆ ਹੋਇਆ ਹੈ। ਦਰਸ਼ਕ ਵੀ ਉਸ ਨੂੰ ਟਿਕਟ ਖ਼ਰੀਦ ਕੇ ਦੇਖਣ ਆਉਂਦੇ ਹਨ। ਮੈਂ ਭਾਵੇਂ ਇਹ ਮਿਊਜ਼ੀਅਮ ਦੇਖਿਆ ਤਾਂ ਨਹੀਂ ਪਰ ਉਸ ਦੀਆਂ ਤਸਵੀਰਾਂ ਜ਼ਰੂਰ ਦੇਖੀਆਂ ਹਨ।
ਸਾਡੇ ਪਿੰਡ ਵਾਲਿਆਂ ਵੱਲੋਂ ਸਮੇਂ ਸਮੇਂ ਸਰਕਾਰਾਂ ਤੋਂ ਇਸ ਨੂੰ ਸਾਂਭਣ ਦੀ ਮੰਗ ਕੀਤੀ ਜਾਂਦੀ ਰਹੀ ਪਰ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਹੁਣ ਨਵੀਂ ਸਰਕਾਰ ਆਈ ਹੈ। ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਸਰਕਾਰ ਤੋਂ ਮੰਗ ਕੀਤੀ ਜਾਵੇ- ਗਾਰਗੀ ਦੇ ਜਨਮ ਸਥਾਨ ਨੂੰ ਸੈਰ-ਸਪਾਟੇ ਲਈ ਵਿਕਸਤ ਕੀਤਾ ਜਾਵੇ, ਜਾਂ ਫਿਰ ਘੱਟ ਤੋਂ ਘੱਟ ਇਸ ਦੀ ਇੰਨੀ ਸੰਭਾਲ ਤਾਂ ਕੀਤੀ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਦੇਖ ਸਕਣ। ਇੰਨੇ ਵੱਡੇ ਲੇਖਕ ਦਾ ਜਨਮ ਸਥਾਨ ਅਣਗੌਲਿਆ ਨਹੀਂ ਰਹਿਣਾ ਚਾਹੀਦਾ।
ਸੰਪਰਕ: +1-469-562-8290