ਜੰਮੂ, 24 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ’ਚ ਤਾਲਮੇਲ ਵਧਾਉਣ ਦੇ ਮਕਸਦ ਨਾਲ ਤਿੰਨੋਂ ਸੈਨਾਵਾਂ ਦੀ ਸਾਂਝੀ ਥੀਏਟਰ ਕਮਾਂਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਰੱਖਿਆ ਸਾਜ਼ੋ-ਸਾਮਾਨ ਦੀ ਦਰਾਮਦ ਨਾਲੋਂ ਹੁਣ ਦੁਨੀਆ ਦਾ ਸਭ ਤੋਂ ਵੱਡਾ ਬਰਾਮਦਕਾਰ ਬਣ ਰਿਹਾ ਹੈ। ਭਾਰਤੀ ਹਥਿਆਰਬੰਦ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜੰਮੂ ਕਸ਼ਮੀਰ ਪੀਪਲਜ਼ ਫੋਰਮ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ,‘‘ਕਾਰਗਿਲ ’ਚ ਅਪਰੇਸ਼ਨ ਵਿਜੈ ਦੌਰਾਨ ਕੀਤੀ ਗਈ ਸਾਂਝੀ ਕਾਰਵਾਈ ਨੂੰ ਦੇਖਦਿਆਂ ਅਸੀਂ ਸਾਂਝੀ ਥੀਏਟਰ ਕਮਾਂਡ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ।’’ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀ ਇਲਾਕਾਈ ਅਖੰਡਤਾ ਅਤੇ ਖੁਦਮੁਖਤਿਆਰੀ ਦੀ ਰੱਖਿਆ ਲਈ ਬਲਿਦਾਨ ਦੇਣ ਵਾਲਿਆਂ ਨੂੰ ਮੁਲਕ ਕਦੇ ਵੀ ਨਹੀਂ ਭੁਲਾ ਸਕਦਾ ਹੈ। ਰੱਖਿਆ ਸਾਜ਼ੋ-ਸਾਮਾਨ ਦੇ ਉਤਪਾਦਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਹੁਣ ਬਰਾਮਦਕਾਰਾਂ ਦੇ ਸਿਖਰਲੇ 25 ਮੁਲਕਾਂ ’ਚ ਸ਼ਾਮਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਨੇ 13 ਹਜ਼ਾਰ ਕਰੋੜ ਰੁਪਏ ਮੁੱਲ ਦੇ ਰੱਖਿਆ ਸਾਜ਼ੋ-ਸਾਮਾਨ ਬਰਾਮਦ ਕਰਨ ਤੋਂ ਸ਼ੁਰੂਆਤ ਕੀਤੀ ਹੈ। ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸ਼ਬੋਲੇ ਨੇ ਵੀ ਜੰਮੂ ਯੂਨੀਵਰਸਿਟੀ ਨੇੜੇ ਗੁਲਸ਼ਨ ਮੈਦਾਨ ’ਚ ਇਕੱਠ ਨੂੰ ਸੰਬੋਧਨ ਕੀਤਾ। -ਪੀਟੀਆਈ