ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੁਲਾਈ
ਚੰਡੀਗੜ੍ਹ ਨੇ ਦੇਸ਼ ਭਰ ਵਿੱਚ ‘ਸਮਾਰਟ ਸਿਟੀ ਮਿਸ਼ਨ’ ਤਹਿਤ ਸਾਈਕਲਿੰਗ ਨੂੰ ਉਤਸ਼ਾਹਿਤ ਕਰਵਾਉਣ ਸਬੰਧੀ ਕਰਵਾਏ ਜਾ ਰਹੇ ‘ਸਾਈਕਲ 4 ਚੇਂਜ ਚੈਲੇਂਜ’ ਮੁਕਾਬਲਿਆਂ ’ਚ ਕੇਂਦਰ ਸਰਕਾਰ ਵਲੋਂ ਐਲਾਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਮੰਤਰਾਲਿਆਂ ਵਲੋਂ ਅੱਜ ਇਹ ਇਨਾਮ ਐਲਾਨਿਆ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਕੀਤੇ ਗਏ ਪ੍ਰੋਗਰਾਮ ਦੌਰਾਨ ‘ਸਾਈਕਲ 4 ਚੇਂਜ ਚੈਲੇਂਜ’ ਮੁਕਾਬਲਿਆਂ ਨੂੰ ਲੈ ਕੇ ਚੰਡੀਗੜ੍ਹ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਧਾਨਗੀ ਕਰਦੇ ਹੋਏ ਕੇਂਦਰ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਮੰਤਰਾਲਿਆਂ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਇਹ ਐਲਾਨ ਕੀਤਾ। ਚੰਡੀਗੜ੍ਹ ਸਮਾਰਟ ਸਿਟੀ ਲਿਮਿਟਿਡ ਦੇ ਸੀਈਓ ਅਤੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਚੀਫ ਜਨਰਲ ਮੈਨੇਜਰ ਐਨਪੀ ਸ਼ਰਮਾ ਨੇ ਇਸ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ। ਚੰਡੀਗੜ੍ਹ ਸਮਾਰਟ ਸਿਟੀ ਲਿਮਿਟਿਡ ਦੇ ਸੀਈਓ ਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਆਈਟੀਡੀਪੀ ਵਲੋਂ ਕਰਵਾਏ ਸਰਵੇਖਣ ਅਨੁਸਾਰ ਤਾਲਾਬੰਦੀ ਦੌਰਾਨ ਸਾਈਕਲ ਦੀ ਵਰਤੋਂ ਕਰਨ ਵਾਲਿਆਂ ਵਿੱਚ 65 ਫ਼ੀਸਦੀ ਦਾ ਵਾਧਾ ਹੋਇਆ ਹੈ।