ਮੁੰਬਈ, 26 ਮਈ
ਮਹਾਰਾਸ਼ਟਰ ਵਿੱਚ ਆਗਾਮੀ ਰਾਜ ਸਭਾ ਚੋਣਾਂ ਲਈ ਸ਼ਿਵ ਸੈਨਾ ਦੇ ਉਮੀਦਵਾਰਾਂ ਸੰਜੈ ਰਾਊਤ ਅਤੇ ਸੰਜੈ ਪਵਾਰ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ, ਐੱਨਸੀਪੀ ਸੁਪਰੀਮੋ ਸ਼ਰਦ ਪਵਾਰ, ਕਾਂਗਰਸੀ ਮੰਤਰੀ ਬਾਲਾਸਾਹਿਬ ਥੋਰਾਟ ਅਤੇ ਹੋਰ ਮੰਤਰੀ ਵੀ ਹਾਜ਼ਰ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਰਾਊਤ ਨੇ ਕਿਹਾ, ‘‘ਸਾਡੇ ਸਾਰੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਮੌਜੂਦ ਸਨ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸ਼ਿਵ ਸੈਨਾ ਦੇ ਦੋਵੇਂ ਉਮੀਦਵਾਰ ਜਿੱਤਣਗੇ।’’ ਤਿੰਨ ਵਾਰ ਰਾਜ ਸਭਾ ਮੈਂਬਰ ਰਹੇ ਸੰਜੈ ਰਾਉਤ ਨੇ ਹੁਣ ਚੌਥੇ ਕਾਰਜਕਾਲ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸ਼ਿਵ ਸੈਨਾ ਦੀ ਕੋਲਹਾਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੰਜੈ ਪਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। ਰਾਉਤ ਨੇ ਦਾਅਵਾ ਕੀਤਾ ਕਿ ਐੱਮਵੀਏ ਮਹਾਰਾਸ਼ਟਰ ਤੋਂ ਰਾਜ ਸਭਾ ਦੀਆਂ ਛੇ ’ਚੋਂ ਚਾਰ ਸੀਟਾਂ ਜਿੱਤੇਗੀ। ਜ਼ਿਕਰਯੋਗ ਹੈ ਕਿ 10 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। -ਪੀਟੀਆਈ