ਜਗਮੋਹਨ ਸਿੰਘ
ਘਨੌਲੀ, 14 ਦਸੰਬਰ
ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਨ ਦੀ ਯਾਦ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਤਮਸਤਕ ਹੋਈਆਂ। ਅੱਜ ਵੱਖ ਵੱਖ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਕਥਾ ਵਾਚਕਾਂ ਨੇ ਕਥਾ ਕੀਰਤਨ ਅਤੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮ ਨੂੰ ਬਚਾਉਣ ਲਈ ਦਿੱਤੀਆਂ ਕੁਰਬਾਨੀਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਅੱਜ ਪਿੰਡ ਆਸਪੁਰ ਦੇ ਸ਼ਰਧਾਲੂਆਂ ਦੁਆਰਾ ਜੋੜ ਮੇਲ ਵਿੱਚ ਸ਼ਾਮਲ ਹੋ ਰਹੀਆਂ ਸੰਗਤਾਂ ਲਈ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਉੱਜਵਲ ਸਿੰਘ ਦੱਸਿਆ ਕਿ ਭਲਕੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਮਾਗਮ ਦੀ ਸਮਾਪਤੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਧਾਰਮਕ ਸ਼ਖ਼ਸੀਅਤਾਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜੋੜ ਮੇਲ ਵਿੱਚ ਸ਼ਾਮਲ ਹੋਣਗੀਆਂ ।