ਜਸਵੰਤ ਜੱਸ/ਸੰਜੀਵ ਹਾਂਡਾ
ਫ਼ਰੀਦਕੋਟ/ਫਿਰੋਜ਼ਪੁਰ, 23 ਅਗਸਤ
ਵਿਜੀਲੈਂਸ ਟੀਮ ਵੱਲੋਂ ਅੱਜ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਆਰ.ਟੀ.ਏ ਦਫ਼ਤਰਾਂ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਅਤੇ ਕੁਝ ਰਿਕਾਰਡ ਕਬਜ਼ੇ ਵਿੱਚ ਲਿਆ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਛਾਪੇਮਾਰੀ ਕੀਤੀ ਹੈ। ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਆਰ.ਟੀ.ਏ. ਦਫ਼ਤਰ ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਅਤੇ ਫਿਟਨੈੱਸ ਫੀਸ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਵਿਭਾਗ ਫ਼ਰੀਦਕੋਟ ਦੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਸਮੇਤ ਚਾਰ ਕਰਮਚਾਰੀਆਂ ਖਿਲਾਫ਼ ਕਰੀਬ 20 ਹਜ਼ਾਰ ਵਾਹਨਾਂ ਦੀ ਫਰਜ਼ੀ ਰਜਿਸਟਰੇਸ਼ਨ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਖਾਸ ਨੰਬਰਾਂ ਦੀ ਨਿਲਾਮੀ ਵਿੱਚ ਵੀ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਖੁਲਾਸਾ ਹੋਇਆ ਹੈ। ਸੰਗਰੂਰ ਦੇ ਆਰ.ਟੀ.ਏ ਦਫ਼ਤਰ ਖਿਲਾਫ਼ ਦਰਜ ਹੋਏ ਮੁਕੱਦਮੇ ਦੇ ਤਾਰ ਵੀ ਫ਼ਰੀਦਕੋਟ ਦੇ ਆਰ.ਟੀ.ਏ ਦਫ਼ਤਰ ਨਾਲ ਜੁੜਦੇ ਹਨ। ਵਿਜੀਲੈਂਸ ਦੇ ਡੀ.ਐੱਸ.ਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰ.ਟੀ.ਏ ਦਫ਼ਤਰ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ, ਫਿਰੋਜ਼ਪੁਰ ਵਿੱਚ ਕੀਤੀ ਕਾਰਵਾਈ ਬਾਰੇ ਡੀਐਸਪੀ ਵਿਜੀਲੈਂਸ ਰਾਜ ਕੁਮਾਰ ਨੇ ਦੱਸਿਆ ਕਿ ਕੱਲ੍ਹ ਸੰਗਰੂਰ ਵਿਚ ਕੀਤੀ ਕਾਰਵਾਈ ਦੇ ਆਧਾਰ ਤੇ ਅੱਜ ਫ਼ਿਰੋਜ਼ਪੁਰ ਦਫ਼ਤਰ ਦਾ ਰਿਕਾਰਡ ਜਾਂਚਿਆ ਗਿਆ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਜਾਣਕਾਰੀ ਮਿਲੀ ਹੈ ਕਿ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਗੱਡੀਆਂ ਦੀ ਪਾਸਿੰਗ ਬਿਨਾਂ ਜਾਂਚ ਦੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਮਵੀਆਈ ਵੱਲੋਂ ਇੱਕ ਦਿਨ ਵਿਚ ਡੇਢ ਸੌ ਤੋਂ ਵੱਧ ਗੱਡੀਆਂ ਪਾਸ ਕੀਤੇ ਜਾਣ ਦਾ ਪਤਾ ਲੱਗਾ ਹੈ ਜੋ ਸੰਭਵ ਨਹੀਂ ਹੈ। ਪਤਾ ਲੱਗਾ ਹੈ ਕਿ ਏਜੰਟਾਂ ਦੇ ਜ਼ਰੀਏ ਮੋਟੀ ਰਿਸ਼ਵਤ ਲੈ ਕੇ ਗੱਡੀਆਂ ਦੀ ਬਿਨਾਂ ਜਾਂਚ ਪਾਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਬਾਅਦ ਕਾਰਵਾਈ ਕੀਤੀ ਜਾਵੇਗੀ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਅੱਜ ਕਈ ਏਜੰਟ ਆਪਣੀਆਂ ਦੁਕਾਨਾਂ ਬੰਦ ਕਰਕੇ ਗਾਇਬ ਹੋ ਗਏ। ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿਚ ਇਸ ਵੇਲੇ ਮਹਿਜ਼ ਚਾਰ ਮੋਟਰ ਵਹੀਕਲ ਇੰਸਪੈਕਟਰ ਹੀ ਤਾਇਨਾਤ ਹਨ ਤੇ ਇਨ੍ਹਾਂ ਤੋਂ ਹੀ ਸਾਰਾ ਕੰਮ ਲਿਆ ਜਾ ਰਿਹਾ ਹੈ। ਬਾਕੀ ਪੋਸਟਾਂ ਖਾਲੀ ਹਨ।