ਪੱਤਰ ਪ੍ਰੇਰਕ
ਜ਼ੀਰਾ, 21 ਸਤੰਬਰ
ਸਥਾਨਕ ਥਾਣਾ ਸਿਟੀ ’ਚ ਤਾਇਨਾਤ ਹੋਮਗਾਰਡ ਦੇ ਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਬੂਲਾ ਵਾਸੀ ਹੋਮਗਾਰਡ ਜਵਾਨ ਸੁਖਚੈਨ ਸਿੰਘ (50) ਘਰ ਵਿੱਚ ਸੁੱਤਾ ਪਿਆ ਸੀ। ਬਾਹਰੋਂ ਆਏ ਕੁਝ ਬੰਦਿਆਂ ਨੇ ਉਸ ਦਾ ਕਤਲ ਕਰ ਦਿੱਤਾ। ਥਾਣਾ ਸਦਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਪਿੰਡ ਬੂਲਾ ਵਿਚ ਕਤਲ ਹੋ ਗਿਆ ਹੈ। ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਸੁਖਚੈਨ ਸਿੰਘ ਦੀ ਲਾਸ਼ ਉਸ ਦੇ ਘਰ ਦੇ ਵਰਾਂਡੇ ਦੇ ਬਾਹਰ ਪਈ ਸੀ। ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।