ਜਗਮੋਹਨ ਸਿੰਘ
ਘਨੌਲੀ, 12 ਫਰਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬਾਅਦ ਦੁਪਹਿਰ ਪਿੰਡ ਮਾਜਰੀ ਗੁੱਜਰਾਂ ਵਿੱਚ ਇੱਕ ਚੋਣ ਜਲਸੇ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ’ਤੇ ਖਣਨ ਕਾਰੋਬਾਰ ਵਿੱਚੋਂ ਠੇਕੇਦਾਰਾਂ ਨੂੰ ਬਾਹਰ ਕਰ ਕੇ ਸਰਕਾਰ ਕਰੱਸ਼ਰ ਮਾਲਕਾਂ ਤੋਂ ਸਿੱਧੀ ਰਾਇਲਿਟੀ ਵਸੂਲ ਕਰੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸੂਬੇ ਦੀ ਤਰਜ਼ ’ਤੇ ਖਣਨ ਦੀਆਂ ਖੱਡਾਂ ਦੀ ਲੀਜ਼ ਸਿੱਧੀ ਕਰੱਸ਼ਰ ਮਾਲਕਾਂ ਨੂੰ ਦਿੱਤੀ ਜਾਵੇਗੀ, ਜਿਸ ਨਾਲ ਸਰਕਾਰ ਦਾ ਮੁਨਾਫ਼ਾ ਵੀ ਵਧੇਗਾ ਅਤੇ ਲੋਕਾਂ ਨੂੰ ਵੀ ਰੇਤਾ-ਬਜਰੀ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਟੋਭੇ ਤੋਂ ਮਿੱਟੀ ਲਿਆ ਕੇ ਕੋਠੇ ਲਿੱਪਣ ਵਾਲੀ ਮਾਂ ਦੇ ਪੁੱਤ ਤੇ ਇੱਕ ਗਰੀਬ ਘਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਲਈ 20 ਫਰਵਰੀ ਨੂੰ ਪੰਜੇ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਪਾਉਣ ਲਈ ਅੱਗੇ ਆਉਣ। ਇਸ ਮੌਕੇ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਜ਼ਿਲ੍ਹਾ ਪਰਿਸ਼ਦ ਮੈਂਬਰ ਨਰਿੰਦਰ ਪੁਰੀ ਤੇ ਹਰਭਜਨ ਸਿੰਘ ਸਰਪੰਚ ਕੋਟਬਾਲਾ ਹਾਜ਼ਰ ਸਨ।