ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਗਸਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਦੇ ਅਧਿਆਪਕਾਂ ਨੇ ਸੋਧੇ ਹੋਏ ਪੇਅ-ਸਕੇਲ ਲਾਗੂ ਕਰਨ ਦੀ ਮੰਗ ਸਬੰਧੀ ਥਾਪਰ ਹਾਲ ਅੱਗੇ ਸਾਂਝੇ ਤੌਰ ’ਤੇ ਧਰਨਾ ਦੇਣ ਮਗਰੋਂ ਗੇਟ ਨੰਬਰ ਇੱਕ ਅੱਗੇ ਰੋਸ ਰੈਲੀ ਕੀਤੀ। ਰੈਲੀ ਨੂੰ ਪੀਏਯੂ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਐੱਚਐੱਸ ਕਿੰਗਰਾ, ਜਨਰਲ ਸਕੱਤਰ ਡਾ. ਮਨਦੀਪ ਸਿੰਘ ਗਿੱਲ ਅਤੇ ਗਡਵਾਸੂ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਬਲਜਿੰਦਰ ਬਾਂਸਲ ਅਤੇ ਜਨਰਲ ਸਕੱਤਰ ਡਾ. ਏਪੀਐੱਸ ਬਰਾੜ ਸਮੇਤ ਕਈ ਹੋਰਾਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਨਵੀਂ ਸੋਧੀ ਹੋਈ ਤਨਖਾਹ ਮਿਲ ਰਹੀ ਹੈ, ਜਦਕਿ ਪੰਜਾਬ ਦੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕਾਂ ਨਾਲ ਸੂਬਾ ਸਰਕਾਰ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਵਾਅਦਾ ਕੀਤਾ ਸੀ ਕਿ ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਪਰ ਅਜੇ ਤੱਕ ਇਸ ਪਾਸੇ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ। ਗਡਵਾਸੂ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਾਂਸਲ ਅਤੇ ਜਨਰਲ ਸਕੱਤਰ ਡਾ. ਬਰਾੜ ਨੇ ਕਿਹਾ ਕਿ ’ਵਰਸਿਟੀ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਲਾਵਾ, ਨਵੀਆਂ ਖੋਜਾਂ ਅਤੇ ਐਮਰਜੈਂਸੀ ਵੇਲੇ ਪਸ਼ੂਆਂ ਦੀ ਸਾਂਭ-ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਪਰ ਅਫਸੋਸ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਆਉਂਦੀ 5 ਸਤੰਬਰ ਨੂੰ ਉਹ ਉਚੇਰੀ ਸਿੱਖਿਆ ਮੰਤਰੀ ਦੇ ਹਲਕੇ ਬਰਨਾਲਾ ਵਿੱਚ ਰੋਸ ਰੈਲੀ ਕੱਢਣਗੇ। ਰੋਸ ਪ੍ਰਦਰਸ਼ਨ ਮਗਰੋਂ ਅਧਿਆਪਕਾਂ ਨੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਪੀਏਯੂ ਦੇ ਗੇਟ ਨੰਬਰ ਇੱਕ ਤੱਕ ਰੋਸ ਰੈਲੀ ਕੱਢੀ। ਇਸ ਦੌਰਾਨ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਦੋਵੇਂ ਯੂਨੀਵਰਸਿਟੀ ਦੇ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।